ਬਠਿੰਡਾ: ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਬੀਤੇ ਦਿਨ ਮਾਨਹਾਨੀ ਦੇ ਮਾਮਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਦੇ ਹੋਏ ਅਗਲੀ ਤਾਰੀਖ 25 ਮਾਰਚ ਨਿਰਧਾਰਤ ਕੀਤੀ ਹੈ।
ਅਦਾਲਤ ਵੱਲੋਂ ਦੋਵਾਂ ਗਵਾਹਾਂ ਨੂੰ ਬੰਨ੍ਹ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ 25 ਮਾਰਚ ਨੂੰ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਅਗਲੀ ਸੁਣਵਾਈ ‘ਚ ਅਹਿਮ ਗਵਾਹੀਆਂ
ਅਗਲੀ ਤਾਰੀਖ ‘ਤੇ ਕਿਸਾਨ ਸੁਰਜੀਤ ਸਿੰਘ ਫੂਲ ਅਤੇ ਜਸਵੀਰ ਸਿੰਘ ਦੀਆਂ ਗਵਾਹੀਆਂ ਦਰਜ ਕੀਤੀਆਂ ਜਾਣਗੀਆਂ, ਜੋ ਮਾਮਲੇ ਲਈ ਅਹਿਮ ਮੰਨੀਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਸੰਸਦ ਮੈਂਬਰ ਦੇ ਪਾਸਪੋਰਟ ਜਬਤ ਕਰਨ ਸਬੰਧੀ ਮੁੱਦੇ ‘ਤੇ ਵੀ ਅਦਾਲਤ ਵੱਲੋਂ ਫ਼ੈਸਲਾ ਆ ਸਕਦਾ ਹੈ।
ਬੇਬੇ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬੈਹਨੀਵਾਲ ਨੇ ਦੱਸਿਆ ਕਿ ਅਦਾਲਤ ਨੇ ਦੋਵਾਂ ਗਵਾਹਾਂ ਨੂੰ 25 ਮਾਰਚ ਲਈ ਤਲਬ ਕੀਤਾ ਹੈ ਅਤੇ ਅਗਲੀ ਸੁਣਵਾਈ ਦੌਰਾਨ ਅਹਿਮ ਬਿਆਨ ਦਰਜ ਹੋਣ ਦੀ ਸੰਭਾਵਨਾ ਹੈ।
ਕੀ ਹੈ ਪੂਰਾ ਮਾਮਲਾ?
ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਵੱਲੋਂ ਬਹਾਦਰਗੜ੍ਹ ਦੇ ਜੰਡੀਆ ਪਿੰਡ ਦੀ ਬਜ਼ੁਰਗ ਮਹਿਲਾ ਮਾਤਾ ਮਹਿੰਦਰ ਕੌਰ ਬਾਰੇ ਸੋਸ਼ਲ ਮੀਡੀਆ ‘ਤੇ ਟਿੱਪਣੀ ਕੀਤੀ ਗਈ ਸੀ। ਉਨ੍ਹਾਂ ਟਵੀਟ ਕਰਕੇ ਦੋਸ਼ ਲਗਾਇਆ ਸੀ ਕਿ ਕੁਝ ਔਰਤਾਂ ਸਿਰਫ਼ 100 ਰੁਪਏ ਲਈ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੁੰਦੀਆਂ ਹਨ।
ਇਸ ਟਿੱਪਣੀ ਨੂੰ ਅਪਮਾਨਜਨਕ ਦੱਸਦੇ ਹੋਏ ਬਜ਼ੁਰਗ ਮਹਿਲਾ ਵੱਲੋਂ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਸੀ।
ਮਾਮਲੇ ਦੀ ਅਗਲੀ ਕਾਰਵਾਈ 25 ਮਾਰਚ ਨੂੰ ਹੋਵੇਗੀ, ਜਿਸ ‘ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ।






