ਲੁਧਿਆਣਾ, 09 ਅਗਸਤ
ਆਨਲਾਈਨ ਫਾਰਮ ਭਰਨ ਦਾ ਭਲਕੇ 10 ਅਗਸਤ ਨੂੰ ਅਖੀਰਲਾ ਦਿਨ – ਪ੍ਰਿੰਸੀਪਲ ਨਿਸ਼ੀ ਗੋਇਲ
11 ਤੇ 12 ਅਗਸਤ ਨੂੰ ਫਾਰਮ ’ਚ ਕੀਤੀ ਜਾ ਸਕਦੀ ਹੈ ਦਰੁਸਤੀ
ਜਵਾਹਰ ਨਵੋਦਿਆ ਵਿਦਿਆਲਿਆ, ਧਨਾਂਸੂ (ਲੁਧਿਆਣਾ) ਵਿੱਚ ਵਿੱਦਿਅਕ ਵਰ੍ਹੇ 2027-28 ਲਈ ਛੇਵੀਂ ਜਮਾਤ ਵਿੱਚ ਦਾਖਲੇ ਲਈ ਦਾਖਲਾ ਪ੍ਰੀਖਿਆ ਦੇ ਆਨਲਾਈਨ ਫਾਰਮ ਦੀ ਪ੍ਰਕਿਰਿਆ ਜਾਰੀ ਹੈ ਅਤੇ ਹੁਣ ਤੱਕ 2195 ਬੱਚਿਆਂ ਵੱਲੋਂ ਆਪਣੀ ਰਜਿਸਟਰੇਸ਼ਨ ਕਰਵਾਈ ਜਾ ਚੁੱਕੀ ਹੈ। ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ, ਧਨਾਂਸੂ ਨਿਸ਼ੀ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਰਮ ਭਰਨ ਲਈ ਹੁਣ ਭਲਕੇ 10 ਅਗਸਤ, 2026 ਤੱਕ ਵਾਧਾ ਕੀਤਾ ਗਿਆ ਹੈ ਜਦਕਿ ਪਹਿਲ ਅੰਤਿਮ ਮਿਤੀ 07 ਅਗਸਤ, 2026 ਨਿਰਧਾਰਿਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਆਨਲਾਈਨ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਸਨ ਉਹ ਹੁਣ ਵਧਾਈ ਗਈ ਮਿਆਦ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੇ ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੁਆਰਾ ਭਰੇ ਜਾ ਚੁੱਕੇ ਫਾਰਮਾਂ ਵਿੱਚ ਕੋਈ ਤਰੁੱਟੀ ਹੈ ਉਹ ਵਿਦਿਆਰਥੀਆਂ 11 ਤੇ 12 ਅਗਸਤ ਨੂੰ ਆਨਲਾਈਨ ਮਾਧਿਅਮ ਰਾਹੀਂ ਆਪਣੀ ਦਰੁਸਤੀ ਕਰ ਸਕਦੇ ਹਨ।
ਪ੍ਰਿੰਸੀਪਲ ਨਿਸ਼ੀ ਗੋਇਲ ਨੇ ਅੱਗੇ ਦੱਸਿਆ ਕਿ ਫਾਰਮ ਭਰਨ ਦੇ ਚਾਹਵਾਨ ਪ੍ਰੀਖਿਆਰਥੀ ਦੀ ਉਮਰ 01 ਮਈ 2015 ਤੇ 31 ਜੁਲਾਈ 2017 ਦੇ ਵਿਚਕਾਰ ਹੋਣੀ ਚਾਹੀਦੀ ਹੈ। ਪ੍ਰੀਖਿਆਰਥੀ ਨੇ ਤੀਜੀ ਚੌਥੀ ਤੇ ਪੰਜਵੀਂ ਜਮਾਤ ਕਿਸੇ ਵੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਪਾਸ ਕੀਤੀ ਹੋਵੇ ਤੇ ਵਿਦਿਆਰਥੀ ਲੁਧਿਆਣਾ ਜ਼ਿਲ੍ਹਾ ਦਾ ਵਸਨੀਕ ਹੋਣਾ ਜਰੂਰੀ ਹੈ। ਵਿਦਿਆਰਥੀ ਦੀ ਪੰਜਵੀਂ ਜਮਾਤ ਵਿਦਿਅਕ ਸ਼ੈਸ਼ਨ 2026-27 ਦੇ ਦੌਰਾਨ ਪਾਸ ਹੋਣੀ ਵੀ ਲਾਜ਼ਮੀ ਹੈ।
ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ, ਧਨਾਂਸੂ ਨਿਸ਼ੀ ਗੋਇਲ ਨੇ ਯੋਗ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਇਸ ਪ੍ਰੀਖਿਆ ਲਈ ਅਪਲਾਈ ਜਰੂਰ ਕਰਵਾਉਣ।





