Saturday, July 11, 2026
Home National ਏਸ਼ੀਆਈ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

ਏਸ਼ੀਆਈ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

0
5

ਨਵੀਂ ਦਿੱਲੀ: ਆਇਚੀ-ਨਾਗੋਆ ਏਸ਼ੀਆਈ ਖੇਡਾਂ ਲਈ 20 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਐਫਆਈਐਚ ਪ੍ਰੋ ਲੀਗ ਲਈ ਕੁਆਲੀਫਾਈ ਕਰਨ ਵਾਲੀ ਭਾਰਤੀ ਟੀਮ ਦੀ ਕਮਾਨ ਨਿਯਮਤ ਕਪਤਾਨ ਸਲੀਮਾ ਟੇਟੇ ਦੇ ਹੱਥਾਂ ਵਿੱਚ ਹੋਵੇਗੀ।

ਭਾਰਤੀ ਮਹਿਲਾ ਹਾਕੀ ਟੀਮ ਦਾ ਮੁੱਖ ਟੀਚਾ 19 ਸਤੰਬਰ ਤੋਂ 4 ਅਕਤੂਬਰ ਤੱਕ ਆਇਚੀ-ਨਾਗੋਆ, ਜਾਪਾਨ ਵਿੱਚ ਹੋਣ ਵਾਲੀਆਂ 20ਵੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣਾ ਹੈ। ਸੋਨ ਤਗਮਾ ਹਾਸਲ ਕਰਨ ਵਾਲੀ ਟੀਮ ਨੂੰ 2028 ਲਾਸ ਏਂਜਲਸ ਓਲੰਪਿਕ ਲਈ ਸਿੱਧੀ ਯੋਗਤਾ ਮਿਲੇਗੀ। ਇਸ ਲਈ ਏਸ਼ੀਆਈ ਖੇਡਾਂ ਭਾਰਤੀ ਟੀਮ ਲਈ ਬੇਹੱਦ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ।

ਟੀਮ ਦੇ ਮੁੱਖ ਕੋਚ ਸ਼ੋਰਡ ਮਾਰੀਨੇ ਨੇ ਟੀਮ ਦੀ ਬਣਤਰ ’ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਟੀਮ ਵਿੱਚ ਤਜਰਬੇਕਾਰ ਅਤੇ ਨੌਜਵਾਨ ਖਿਡਾਰਨਾਂ ਦਾ ਵਧੀਆ ਸੰਤੁਲਨ ਹੈ। ਪਦਮ ਸ਼੍ਰੀ ਪੁਰਸਕਾਰ ਜੇਤੂ ਅਤੇ ਤਜਰਬੇਕਾਰ ਗੋਲਕੀਪਰ ਸਵਿਤਾ ਦੇ ਨਾਲ ਬਿਚੂ ਦੇਵੀ ਖਾਰੀਬਮ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਐਫਆਈਐਚ ਨੇਸ਼ਨਜ਼ ਕੱਪ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦੇ ਮੁਕਾਬਲੇ ਏਸ਼ੀਆਈ ਖੇਡਾਂ ਲਈ ਚੁਣੇ ਗਏ ਸਕੁਐਡ ਵਿੱਚ ਸਿਰਫ਼ ਦੋ ਬਦਲਾਅ ਕੀਤੇ ਗਏ ਹਨ। ਫਾਰਵਰਡ ਲਾਈਨ ਵਿੱਚ ਸੋਨਮ ਅਤੇ ਅੰਨੂ ਦੀ ਥਾਂ ਬਲਜੀਤ ਕੌਰ ਅਤੇ ਬਿਊਟੀ ਡੁੰਗਡੁੰਗ ਨੂੰ ਮੌਕਾ ਦਿੱਤਾ ਗਿਆ ਹੈ।

ਕੋਚਿੰਗ ਸਟਾਫ਼ ਨੂੰ ਉਮੀਦ ਹੈ ਕਿ ਟੀਮ ਦਾ ਤਜਰਬਾ, ਤੇਜ਼ ਰਫ਼ਤਾਰ ਖੇਡ ਅਤੇ ਮਜ਼ਬੂਤ ਹਮਲਾਵਰ ਲਾਈਨ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਵੱਡੀ ਸਫਲਤਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਟੀਮ ਦਾ ਧਿਆਨ ਹੁਣ ਆਪਣੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੋਨ ਤਗਮੇ ਦੇ ਨਾਲ ਲਾਸ ਏਂਜਲਸ ਓਲੰਪਿਕ ਦੀ ਟਿਕਟ ਹਾਸਲ ਕਰਨ ’ਤੇ ਰਹੇਗਾ।

 

LEAVE A REPLY

Please enter your comment!
Please enter your name here