Tuesday, July 14, 2026
Home Punjab ਭਾਰਤਮਾਲਾ ਹਾਈਵੇਅ ਦੀ ਭੇਟ ਚੜ੍ਹੀ ਕੋਠੀ: ਕਿਸਾਨ ਨੇ ਜੈਕਾਂ ਨਾਲ 75 ਲੱਖ...

ਭਾਰਤਮਾਲਾ ਹਾਈਵੇਅ ਦੀ ਭੇਟ ਚੜ੍ਹੀ ਕੋਠੀ: ਕਿਸਾਨ ਨੇ ਜੈਕਾਂ ਨਾਲ 75 ਲੱਖ ਦੀ ਕੋਠੀ ਸ਼ਿਫਟ ਕਰਕੇ ਸੁਪਨਾ ਬਚਾਇਆ

0
47

ਬਰਨਾਲਾ :24 ਜਨਵਰੀ 2026

ਆਪਣੀ ਜ਼ਿੰਦਗੀ ਭਰ ਦੀ ਕਮਾਈ ਨਾਲ ਸੁਪਨਿਆਂ ਦਾ ਘਰ ਬਣਾਉਣਾ ਹਰ ਇਨਸਾਨ ਦੀ ਇੱਛਾ ਹੁੰਦੀ ਹੈ, ਪਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੰਧੂ ਕਲਾਂ ਦੇ ਕਿਸਾਨ ਸੁਖਪ੍ਰੀਤ ਦੇ ਪਰਿਵਾਰ ਲਈ ਇਹ ਸੁਪਨਾ ਇੱਕ ਵੱਡੀ ਅਜ਼ਮਾਇਸ਼ ਬਣ ਗਿਆ। ਸਾਲ 2017 ਵਿੱਚ ਕਰੀਬ 75 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਸ਼ਾਨਦਾਰ ਕੋਠੀ ਸਾਲ 2021 ਵਿੱਚ ਉਸ ਵੇਲੇ ਵਿਵਾਦਾਂ ‘ਚ ਆ ਗਈ, ਜਦੋਂ ਪਰਿਵਾਰ ਨੂੰ ਨੋਟਿਸ ਮਿਲਿਆ ਕਿ ਇਹ ਮਕਾਨ ਭਾਰਤਮਾਲਾ ਪ੍ਰੋਜੈਕਟ ਦੇ ਜੈਪੁਰ–ਕਟੜਾ ਗ੍ਰੀਨ ਫੀਲਡ ਹਾਈਵੇਅ ਦੇ ਰਸਤੇ ਵਿੱਚ ਆ ਰਿਹਾ ਹੈ।

ਨੈਸ਼ਨਲ ਹਾਈਵੇਅ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਠੀ ਢਾਹੁਣ ਦੇ ਹੁਕਮ ਜਾਰੀ ਹੋਏ। ਜਦੋਂ ਅਧਿਕਾਰੀ ਕਾਰਵਾਈ ਲਈ ਪਹੁੰਚੇ ਤਾਂ ਪਰਿਵਾਰ ਨੇ ਸਖ਼ਤ ਵਿਰੋਧ ਕੀਤਾ। ਘਰ ਬਚਾਉਣ ਲਈ ਪਰਿਵਾਰਕ ਮੈਂਬਰ ਹਾਈ-ਵੋਲਟੇਜ ਬਿਜਲੀ ਟਾਵਰਾਂ ‘ਤੇ ਚੜ੍ਹ ਗਏ, ਜਿਸ ਕਾਰਨ ਕਰੀਬ ਡੇਢ ਮਹੀਨਾ ਪ੍ਰੋਜੈਕਟ ਰੁਕਿਆ ਰਿਹਾ। ਅਖੀਰਕਾਰ ਸਰਕਾਰੀ ਯੋਜਨਾ ਅੱਗੇ ਝੁਕਣਾ ਪਿਆ, ਪਰ ਸੁਖਪ੍ਰੀਤ ਆਪਣੇ ਸੁਪਨਿਆਂ ਦੇ ਘਰ ਨੂੰ ਟੁੱਟਦਾ ਨਹੀਂ ਦੇਖ ਸਕਿਆ।

ਇੰਸਟਾਗ੍ਰਾਮ ‘ਤੇ ਘਰ ਸ਼ਿਫਟ ਕਰਨ ਦੀ ਤਕਨੀਕ ਦੀ ਵੀਡੀਓ ਦੇਖ ਕੇ ਕਿਸਾਨ ਨੇ ਇਕ ਵੱਡਾ ਫੈਸਲਾ ਲਿਆ। ਕੋਠੀ ਢਾਹੁਣ ਦੀ ਬਜਾਏ ਉਸ ਨੇ ਜੈਕਾਂ ਦੀ ਮਦਦ ਨਾਲ ਪੂਰਾ ਮਕਾਨ ਹੀ ਸ਼ਿਫਟ ਕਰਨ ਦਾ ਉਪਰਾਲਾ ਸ਼ੁਰੂ ਕੀਤਾ। ਪਿਛਲੇ ਦੋ ਮਹੀਨਿਆਂ ਤੋਂ ਕੋਠੀ ਨੂੰ ਲਿਫਟ ਕਰਕੇ ਖਿਸਕਾਉਣ ਦਾ ਕੰਮ ਜਾਰੀ ਹੈ। ਹੁਣ ਤੱਕ ਕੋਠੀ ਨੂੰ 115 ਫੁੱਟ ਪਿੱਛੇ ਖਿਸਕਾਇਆ ਜਾ ਚੁੱਕਾ ਹੈ, ਜਦਕਿ ਅਜੇ ਇਸ ਨੂੰ ਕਰੀਬ 200 ਫੁੱਟ ਹੋਰ ਖੇਤਾਂ ਵੱਲ ਲੈ ਕੇ ਜਾਣਾ ਬਾਕੀ ਹੈ। ਇਸ ਸਾਰੇ ਕੰਮ ‘ਤੇ ਕਿਸਾਨ ਨੂੰ ਲਗਭਗ 25 ਲੱਖ ਰੁਪਏ ਦਾ ਵਾਧੂ ਖਰਚਾ ਆ ਰਿਹਾ ਹੈ।

ਘਰ ਬਚਾਉਣ ਦੀ ਇਸ ਜੱਦੋਜਹਿਦ ਦੌਰਾਨ ਪੂਰਾ ਪਰਿਵਾਰ ਕੜਕਦੀ ਠੰਢ ਵਿੱਚ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੈ। ਕੋਠੀ ਦੇ ਨੇੜੇ ਕੱਚੀਆਂ ਕੰਧਾਂ ਖੜ੍ਹੀਆਂ ਕਰਕੇ ਪਲਾਸਟਿਕ ਦੀ ਤਿਰਪਾਲ ਨਾਲ ਤੰਬੂ ਤਿਆਰ ਕੀਤਾ ਗਿਆ ਹੈ, ਜਿੱਥੇ ਪਰਿਵਾਰ ਅਤੇ ਪਸ਼ੂ ਦਿਨ ਕੱਟ ਰਹੇ ਹਨ।

ਕਿਸਾਨ ਸੁਖਪ੍ਰੀਤ ਨੇ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਮਿਲਿਆ ਮੁਆਵਜ਼ਾ ਬਹੁਤ ਘੱਟ ਹੈ ਅਤੇ ਘਰ ਸ਼ਿਫਟ ਕਰਨ ਦੇ ਭਾਰੀ ਖਰਚੇ ਵਿੱਚ ਸਰਕਾਰ ਨੂੰ ਉਸਦੀ ਮਦਦ ਕਰਨੀ ਚਾਹੀਦੀ ਹੈ। ਉਸਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਘਰ ਨਹੀਂ, ਸਗੋਂ ਉਸਦੀ ਸਾਰੀ ਉਮਰ ਦੀ ਕਮਾਈ ਅਤੇ ਸੁਪਨੇ ਹਨ, ਜੋ ਉਹ ਕਿਸੇ ਵੀ ਕੀਮਤ ‘ਤੇ ਬਚਾਉਣਾ ਚਾਹੁੰਦਾ ਹੈ।

LEAVE A REPLY

Please enter your comment!
Please enter your name here