Sunday, July 19, 2026
Home Haryana News ਡਿਜੀਟਲ ਗ੍ਰਿਫ਼ਤਾਰੀ ਦੇ ਨਾਂ ’ਤੇ 14 ਕਰੋੜ ਦੀ ਠੱਗੀ, ਪੁਜਾਰੀ ਸਮੇਤ 8...

ਡਿਜੀਟਲ ਗ੍ਰਿਫ਼ਤਾਰੀ ਦੇ ਨਾਂ ’ਤੇ 14 ਕਰੋੜ ਦੀ ਠੱਗੀ, ਪੁਜਾਰੀ ਸਮੇਤ 8 ਗ੍ਰਿਫ਼ਤਾਰ; ਅੰਤਰਰਾਸ਼ਟਰੀ ਸਾਈਬਰ ਰੈਕੇਟ ਦਾ ਪਰਦਾਫਾਸ਼

0
54

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਇਕ ਬਜ਼ੁਰਗ ਐਨਆਰਆਈ ਜੋੜੇ ਤੋਂ ਡਿਜੀਟਲ ਗ੍ਰਿਫ਼ਤਾਰੀ ਦੇ ਨਾਂ ’ਤੇ 14 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਤਿੰਨ ਸੂਬਿਆਂ ਵਿੱਚ ਕਾਰਵਾਈ ਕਰਦਿਆਂ ਇਕ ਪੁਜਾਰੀ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸਦੇ ਨਾਲ ਹੀ ਕੰਬੋਡੀਆ ਅਤੇ ਨੇਪਾਲ ਵਿੱਚ ਬੈਠੇ ਆਪਰੇਟਰਾਂ ਨਾਲ ਜੁੜੇ ਇਕ ਵੱਡੇ ਸਾਈਬਰ ਧੋਖਾਧੜੀ ਰੈਕੇਟ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ।

ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਨੂੰ ਗੁਜਰਾਤ, ਉੱਤਰ ਪ੍ਰਦੇਸ਼ ਅਤੇ ਓਡੀਸ਼ਾ ਵਿੱਚ ਚਲਾਈ ਗਈ ਇਕ ਬਹੁ-ਰਾਜੀ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨਕਲ ਕਰਦਾ ਸੀ ਅਤੇ ਖਾਸ ਤੌਰ ’ਤੇ ਬਣਾਏ ਗਏ ਬੈਂਕ ਖਾਤਿਆਂ ਰਾਹੀਂ ਪੀੜਤਾਂ ਦੇ ਪੈਸੇ ਹੜਪਦਾ ਸੀ।

ਇਸ ਮਾਮਲੇ ਵਿੱਚ ਗੁਜਰਾਤ ਦੇ ਵਡੋਦਰਾ ਦੇ ਦਿਵਯਾਂਗ ਪਟੇਲ (30) ਅਤੇ ਕ੍ਰਿਤਿਕ ਸ਼ਿਤੋਲੇ (26), ਓਡੀਸ਼ਾ ਦੇ ਭੁਵਨੇਸ਼ਵਰ ਦਾ ਰਹਿਣ ਵਾਲਾ ਮਹਾਵੀਰ ਸ਼ਰਮਾ ਉਰਫ ਨੀਲ (27), ਗੁਜਰਾਤ ਦਾ ਅੰਕਿਤ ਮਿਸ਼ਰਾ ਉਰਫ ਰੌਬਿਨ, ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਅਰੁਣ ਕੁਮਾਰ ਤਿਵਾੜੀ (45) ਅਤੇ ਪ੍ਰਦਿਊਮਨ ਤਿਵਾੜੀ ਉਰਫ ਐਸਪੀ ਤਿਵਾੜੀ (44), ਨਾਲ ਹੀ ਲਖਨਊ ਦੇ ਭੁਪਿੰਦਰ ਕੁਮਾਰ ਮਿਸ਼ਰਾ (37) ਅਤੇ ਹੁਕਮ ਕੁਮਾਰ ਸਿੰਘ (36) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਅਨੁਸਾਰ ਦਿਵਯਾਂਗ ਪਟੇਲ ਅਤੇ ਕ੍ਰਿਤਿਕ ਸ਼ਿਤੋਲੇ ਨੂੰ 15 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਟੇਲ ਬੀ.ਕਾਮ. ਗ੍ਰੈਜੂਏਟ ਹੈ ਅਤੇ ਸੀ.ਏ. (ਇੰਟਰਮੀਡੀਏਟ) ਦੀ ਪੜਾਈ ਕਰ ਚੁੱਕਾ ਹੈ। ਉਹ ‘ਫਲੋਰੈਸਟਾ ਫਾਊਂਡੇਸ਼ਨ’ ਨਾਂ ਦੀ ਐਨਜੀਓ ਚਲਾਉਂਦਾ ਹੈ ਅਤੇ ਆਪਣੀ ਫਰਮ ‘ਤਤਵਾ ਬਿਜ਼ਨੈੱਸ ਐਡਵਾਈਜ਼ਰਜ਼’ ਰਾਹੀਂ ਵਿੱਤੀ ਸੇਵਾਵਾਂ ਵੀ ਦਿੰਦਾ ਸੀ। ਦੂਜੇ ਪਾਸੇ, ਸ਼ਿਤੋਲੇ ਨੇ ਨਿਊਜ਼ੀਲੈਂਡ ਤੋਂ ਸੂਚਨਾ ਤਕਨਾਲੋਜੀ ਵਿੱਚ ਡਿਪਲੋਮਾ ਕੀਤਾ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮ ਵੀ ਕਾਫ਼ੀ ਪੜ੍ਹੇ-ਲਿਖੇ ਹਨ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਰੈਕੇਟ ਨਾਲ ਜੁੜੇ ਹੋਰ ਲੋਕਾਂ ਅਤੇ ਅੰਤਰਰਾਸ਼ਟਰੀ ਕੜੀਆਂ ਦੀ ਪਛਾਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here