ਮਹਾਰਾਸ਼ਟਰ: ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਵਿੱਚ ਅੱਜ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਲੋਕ ਜ਼ਖ਼ਮੀ ਹੋਏ ਹਨ।
ਇਹ ਹਾਦਸਾ ਨਾਗਪੁਰ-ਰਾਏਪੁਰ ਨੈਸ਼ਨਲ ਹਾਈਵੇ ’ਤੇ ਸਵੇਰੇ ਕਰੀਬ 4 ਵਜੇ ਪਿੰਪਲਗਾਂਵ ਸੜਕ ਨੇੜੇ ਭਾਊ ਢਾਬੇ ਕੋਲ ਵਾਪਰਿਆ। ਇੱਥੇ ਇੱਕ ਬੋਲੇਰੋ ਗੱਡੀ ਦੀ ਆਈਸ਼ਰ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ।
ਭੰਡਾਰਾ ਦੇ ਪੁਲਿਸ ਸੁਪਰਡੈਂਟ ਨੂਰੁਲ ਹਸਨ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਟੱਕਰ ਬਹੁਤ ਜ਼ੋਰਦਾਰ ਸੀ। ਹਾਦਸੇ ਵਿੱਚ ਬੋਲੇਰੋ ਸਵਾਰ 8 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ।
ਹਾਦਸੇ ਵਿੱਚ ਜ਼ਖ਼ਮੀ ਹੋਏ ਤਿੰਨ ਲੋਕਾਂ ਨੂੰ ਇਲਾਜ ਲਈ ਸਾਕੋਲੀ ਸਬ-ਡਿਸਟ੍ਰਿਕਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਰਾਏਪੁਰ ਤੋਂ ਨਾਗਪੁਰ ਜਾ ਰਹੇ ਸਨ ਯਾਤਰੀ
ਜਾਣਕਾਰੀ ਮੁਤਾਬਕ ਬੋਲੇਰੋ ਵਿੱਚ ਸਵਾਰ ਲੋਕ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਨਾਗਪੁਰ ਵੱਲ ਜਾ ਰਹੇ ਸਨ। ਉਹ ਨੈਸ਼ਨਲ ਹਾਈਵੇ-53 ਰਾਹੀਂ ਸਫ਼ਰ ਕਰ ਰਹੇ ਸਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਅਤੇ ਲੋਕਾਂ ਨੇ ਮਿਲ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।






