Home National ਗੁਰੂਗ੍ਰਾਮ ਵਿੱਚ ਭਾਰੀ ਮੀਂਹ ਨਾਲ ਜਨਜੀਵਨ ਪ੍ਰਭਾਵਿਤ, ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ

ਗੁਰੂਗ੍ਰਾਮ ਵਿੱਚ ਭਾਰੀ ਮੀਂਹ ਨਾਲ ਜਨਜੀਵਨ ਪ੍ਰਭਾਵਿਤ, ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ

0
1

ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਵੀਰਵਾਰ ਸਵੇਰੇ ਤੋਂ ਪੈ ਰਹੇ ਭਾਰੀ ਮੀਂਹ ਨੇ ਸ਼ਹਿਰ ਦੀ ਰਫ਼ਤਾਰ ਰੋਕ ਦਿੱਤੀ। ਸਵੇਰੇ ਕਰੀਬ 4 ਵਜੇ ਸ਼ੁਰੂ ਹੋਇਆ ਮੀਂਹ ਲਗਾਤਾਰ ਪੰਜ ਘੰਟਿਆਂ ਤੱਕ ਜਾਰੀ ਰਿਹਾ, ਜਿਸ ਦੌਰਾਨ ਲਗਭਗ 90 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਭਾਰੀ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਕਈ ਥਾਵਾਂ ‘ਤੇ ਲੰਬੇ ਟ੍ਰੈਫਿਕ ਜਾਮ ਲੱਗ ਗਏ। ਸੈਕਟਰ-5, ਸੈਕਟਰ-10, ਸ਼ੀਤਲਾ ਮਾਤਾ ਰੋਡ, ਦਿੱਲੀ ਰੋਡ, ਕ੍ਰਿਸ਼ਨਾ ਕਲੋਨੀ, ਨਵੀਂ ਕਲੋਨੀ, ਡੀਐਲਐਫ, ਸੈਕਟਰ-31 ਅਤੇ ਸੈਕਟਰ-51 ਸਮੇਤ ਕਈ ਇਲਾਕੇ ਜਲਭਰਾਅ ਨਾਲ ਪ੍ਰਭਾਵਿਤ ਹੋਏ।

ਸਥਿਤੀ ਨੂੰ ਦੇਖਦੇ ਹੋਏ ਗੁਰੂਗ੍ਰਾਮ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਾਰਪੋਰੇਟ ਕੰਪਨੀਆਂ ਅਤੇ ਨਿੱਜੀ ਸੰਸਥਾਵਾਂ ਨੂੰ ਆਪਣੇ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ (Work From Home) ਦੀ ਸਹੂਲਤ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਸੜਕਾਂ ‘ਤੇ ਵਾਹਨਾਂ ਦੀ ਗਿਣਤੀ ਘੱਟ ਹੋਵੇ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਪੁਲਿਸ ਨੇ ਲੋਕਾਂ ਨੂੰ ਵੀ ਸਿਰਫ਼ ਜ਼ਰੂਰੀ ਕੰਮ ਹੋਣ ‘ਤੇ ਹੀ ਘਰਾਂ ਤੋਂ ਬਾਹਰ ਨਿਕਲਣ ਅਤੇ ਪਾਣੀ ਭਰੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਇਸ ਦੌਰਾਨ ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ 12 ਘੰਟਿਆਂ ਦੌਰਾਨ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਚੰਗੀ ਵਰਖਾ ਦਰਜ ਕੀਤੀ ਗਈ ਹੈ। ਪਲਵਲ ਵਿੱਚ ਸਭ ਤੋਂ ਵੱਧ 78 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ, ਜਦਕਿ ਗੁਰੂਗ੍ਰਾਮ ਦੇ ਨੌਰਥਕੈਪ ਯੂਨੀਵਰਸਿਟੀ ਖੇਤਰ ਵਿੱਚ 57 ਮਿਲੀਮੀਟਰ, ਯਮੁਨਾਨਗਰ ਦੇ ਹਥਿਨੀਕੁੰਡ ਬੈਰਾਜ ਵਿੱਚ 32 ਮਿਲੀਮੀਟਰ, ਫਤਿਹਾਬਾਦ ਵਿੱਚ 26.5 ਮਿਲੀਮੀਟਰ, ਨਾਰਨੌਲ ਵਿੱਚ 19 ਮਿਲੀਮੀਟਰ ਅਤੇ ਸੋਨੀਪਤ ਵਿੱਚ 18.5 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਭਿਵਾਨੀ, ਹਿਸਾਰ, ਰੋਹਤਕ, ਦਾਦਰੀ, ਅੰਬਾਲਾ, ਜੀਂਦ, ਮਹਿੰਦਰਗੜ੍ਹ, ਮੇਵਾਤ, ਸਿਰਸਾ, ਕਰਨਾਲ ਅਤੇ ਕੈਥਲ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਰਿਪੋਰਟ ਮਿਲੀ ਹੈ।

ਮੌਸਮ ਵਿਭਾਗ ਅਨੁਸਾਰ ਸੂਬੇ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਬੱਦਲਵਾਈ ਬਣੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਮੌਸਮ ਦੀ ਜਾਣਕਾਰੀ ‘ਤੇ ਨਜ਼ਰ ਰੱਖਣ, ਪਾਣੀ ਭਰੇ ਰਸਤਿਆਂ ਤੋਂ ਬਚਣ ਅਤੇ ਯਾਤਰਾ ਦੀ ਯੋਜਨਾ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਬਣਾਉਣ ਦੀ ਅਪੀਲ ਕੀਤੀ ਹੈ।

 

LEAVE A REPLY

Please enter your comment!
Please enter your name here