Wednesday, September 2, 2026
Home Patiala Updates ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸਮਾਨਤਾ, ਏਕਤਾ...

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸਮਾਨਤਾ, ਏਕਤਾ ਤੇ ਭਾਈਚਾਰੇ ਲਈ ਮੈਰਾਥਨ ਦੌੜ’ ਨੂੰ ਸਿਹਤ ਮੰਤਰੀ ਨੇ ਕੀਤਾ ਰਵਾਨਾ

0
1

-ਸ੍ਰੀ ਗੁਰੂ ਰਵਿਦਾਸ ਜੀ ਦਾ ਸਮਾਨਤਾ, ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਰਹਿੰਦੀ ਦੁਨੀਆਂ ਤੱਕ ਮਨੁੱਖਤਾ ਦਾ ਮਾਰਗ ਦਰਸ਼ਨ ਕਰਦਾ ਰਹੇਗਾ-ਡਾ. ਬਲਬੀਰ ਸਿੰਘ

ਪਟਿਆਲਾ: ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਖੇਡ ਵਿਭਾਗ ਵੱਲੋਂ ਅੱਜ ਪਟਿਆਲਾ ਵਿਖੇ ‘ਸਮਾਨਤਾ, ਏਕਤਾ ਅਤੇ ਭਾਈਚਾਰੇ ਲਈ ਮੈਰਾਥਨ ਦੌੜ’ ਕਰਵਾਈ ਗਈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਿੱਖਿਆਵਾਂ ਨੌਜਵਾਨਾਂ ਸਮੇਤ ਸਮਾਜ ਦੇ ਹਰ ਵਰਗ ਨੂੰ ਰਹਿੰਦੀ ਦੁਨੀਆਂ ਤੱਕ ਪ੍ਰੇਰਿਤ ਕਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਮਨੁੱਖਤਾ ਨੂੰ ਸਮਾਨਤਾ, ਆਪਸੀ ਭਾਈਚਾਰੇ ਅਤੇ ਏਕਤਾ ਦਾ ਸੰਦੇਸ਼ ਦਿੱਤਾ, ਜਿਸ ਦੀ ਅੱਜ ਦੇ ਸਮੇਂ ਵਿੱਚ ਹੋਰ ਵੀ ਵੱਧ ਮਹੱਤਤਾ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਡੇ ਨੌਜਵਾਨਾਂ ਅਤੇ ਬੱਚਿਆਂ ਨੂੰ ਸਾਈਬਰ ਬੁਲੀ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਦ੍ਰਿੜ ਇਰਾਦੇ ਵਾਲੇ ਬਣਾਉਣ ਵਿੱਚ ਵੀ ਸਹਾਈ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਨਵੇਂ ਅੰਕੜਿਆਂ ਅਨੁਸਾਰ ਸਾਡੇ ਬੱਚੇ ਨਸ਼ਿਆਂ ਦੀ ਲਾਹਨਤ ਪ੍ਰਤੀ ਵੱਧ ਜਾਗਰੂਕ ਹੋ ਰਹੇ ਹਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਲੈ ਰਹੇ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ, ਤਾਂ ਜੋ ਗੁਰੂ ਜੀ ਦੀ ਮਹਾਨ ਬਾਣੀ, ਵਿਚਾਰਧਾਰਾ ਅਤੇ ਮਨੁੱਖਤਾ ਨੂੰ ਜੋੜਨ ਵਾਲਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾ ਸਕੇ।

ਇਸ ਮੌਕੇ ਸਿਹਤ ਮੰਤਰੀ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਪੋਰਟਲ ਵੀ ਲਾਂਚ ਕੀਤਾ। ਮੈਰਾਥਨ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਪਰਮਿੰਦਰ ਭਲਵਾਨ ਨੇ ਹਾਜ਼ਰ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਸਹੁੰ ਵੀ ਚੁਕਾਈ।

ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੈਰਾਥਨ ਪੋਲੋ ਗਰਾਊਂਡ ਤੋਂ ਸ਼ੁਰੂ ਹੋ ਕੇ ਵਾਈਪੀਐਸ ਚੌਂਕ, ਐਨ.ਆਈ.ਐਸ. ਚੌਂਕ ਅਤੇ ਫੁਹਾਰਾ ਚੌਂਕ ਤੋਂ ਹੁੰਦੀ ਹੋਈ ਮੁੜ ਪੋਲੋ ਗਰਾਊਂਡ ਵਿਖੇ ਸਮਾਪਤ ਹੋਈ। ਮੈਰਾਥਨ ਵਿੱਚ ਭਾਗ ਲੈਣ ਵਾਲਿਆਂ ਨੇ ਲਗਭਗ ਪੰਜ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਨੌਜਵਾਨਾਂ ਤੇ ਬੱਚਿਆਂ ਨੇ ਭਾਰੀ ਉਤਸ਼ਾਹ ਨਾਲ ਇਸ ਵਿੱਚ ਹਿੱਸਾ ਲਿਆ।

ਇਸ ਮੌਕੇ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਐਸ.ਡੀ.ਐਮ. ਗੁਰਦੇਵ ਸਿੰਘ, ਜਤਵਿੰਦਰ ਗਰੇਵਾਲ, ਵੱਡੀ ਗਿਣਤੀ ਵਿੱਚ ਕੋਚ, ਖਿਡਾਰੀ, ਵਿਦਿਆਰਥੀ ਅਤੇ ਨੌਜਵਾਨ ਮੌਜੂਦ ਸਨ।
***
ਫੋਟੋ ਕੈਪਸ਼ਨ- ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸਮਾਨਤਾ, ਏਕਤਾ ਅਤੇ ਭਾਈਚਾਰੇ ਲਈ ਮੈਰਾਥਨ ਦੌੜ’ ਨੂੰ ਰਵਾਨਾ ਕਰਦੇ ਹੋਏ।

LEAVE A REPLY

Please enter your comment!
Please enter your name here