· ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਵੱਖ ਵੱਖ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ
ਮਾਲੇਰਕੋਟਲਾ: ਪੰਜਾਬ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਅਤੇ ਖੇਤੀਬਾੜੀ ਲਈ ਪਾਣੀ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਭੂਮੀ ਤੇ ਜਲ ਸੰਭਾਲ ਵਿਭਾਗ ਰਾਹੀਂ ਕਈ ਅਹਿਮ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਕੀਮਾਂ ਰਾਹੀਂ ਕਿਸਾਨਾਂ ਨੂੰ ਆਧੁਨਿਕ ਸਿੰਚਾਈ ਪ੍ਰਣਾਲੀਆਂ ਅਪਣਾਉਣ ਲਈ ਵਿੱਤੀ ਸਹਾਇਤਾ ਅਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਾਣਕਾਰੀ ਦਿੰਦਿਆਂ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਨਵਪ੍ਰੀਤ ਕੁਮਾਰ ਨੇ ਦੱਸਿਆ ਕਿ ਨਹਿਰੀ ਮੋਗਿਆਂ ਤੋਂ ਖੇਤਾਂ ਤੱਕ ਪਾਣੀ ਦੀ ਬਿਹਤਰ ਪਹੁੰਚ ਲਈ ਅੰਡਰਗਰਾਊਂਡ ਆਰ.ਸੀ.ਸੀ. ਪਾਈਪਲਾਈਨ ਸਿਸਟਮ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਸਕੀਮ ਤਹਿਤ 100 ਫ਼ੀਸਦੀ ਸਬਸਿਡੀ ਦੀ ਵਿਵਸਥਾ ਹੈ। ਇਸ ਨਾਲ ਨਹਿਰੀ ਪਾਣੀ ਦੀ ਬਰਬਾਦੀ ਘਟਾਉਣ ਅਤੇ ਖੇਤਾਂ ਤੱਕ ਪਾਣੀ ਦੀ ਪ੍ਰਭਾਵਸ਼ਾਲੀ ਪਹੁੰਚ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਵਿਅਕਤੀਗਤ ਕਿਸਾਨ ਵੀ ਆਪਣੇ ਖੇਤਾਂ ਵਿੱਚ ਅੰਡਰਗਰਾਊਂਡ ਆਰ.ਸੀ.ਸੀ./ਪੀ.ਵੀ.ਸੀ. ਪਾਈਪਲਾਈਨ ਸਿਸਟਮ ਲਗਵਾ ਸਕਦੇ ਹਨ, ਜਿਸ ਤਹਿਤ 50 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।
ਇਸੇ ਤਰ੍ਹਾਂ ਸਬਜ਼ੀਆਂ ਅਤੇ ਫਲਾਂ ਦੇ ਬਾਗਾਂ ਵਿੱਚ ਪਾਣੀ ਦੀ ਖਪਤ ਘਟਾਉਣ ਅਤੇ ਸਿੰਚਾਈ ਦੀ ਕੁਸ਼ਲਤਾ ਵਧਾਉਣ ਲਈ ਤੁਪਕਾ ਸਿੰਚਾਈ, ਫੁਹਾਰਾ ਸਿੰਚਾਈ ਅਤੇ ਰੇਨ ਗਨ (ਮਾਈਕਰੋ ਇਰੀਗੇਸ਼ਨ) ਦੀ ਸਹੂਲਤ ਉਪਲਬਧ ਹੈ। ਆਮ ਕਿਸਾਨਾਂ ਲਈ 80 ਫ਼ੀਸਦੀ ਤੱਕ, ਜਦਕਿ ਮਹਿਲਾ ਅਤੇ ਐਸ.ਸੀ. ਵਰਗ ਦੇ ਕਿਸਾਨਾਂ ਲਈ 90 ਫ਼ੀਸਦੀ ਤੱਕ ਸਬਸਿਡੀ ਦੀ ਵਿਵਸਥਾ ਕੀਤੀ ਗਈ ਹੈ।
ਪਿੰਡਾਂ ਦੇ ਸਾਂਝੇ ਜਲ ਸਰੋਤਾਂ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ 2.5 ਏਕੜ ਜਾਂ ਇਸ ਤੋਂ ਵੱਧ ਰਕਬੇ ਵਾਲੇ ਛੱਪੜਾਂ ਤੋਂ ਸਿੰਚਾਈ ਲਈ ਸੌਰ ਊਰਜਾ ਮੋਟਰ ਆਧਾਰਿਤ ਪ੍ਰਣਾਲੀ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤਹਿਤ ਅੰਡਰਗਰਾਊਂਡ ਪੀ.ਵੀ.ਸੀ. ਪਾਈਪਲਾਈਨ ਰਾਹੀਂ ਛੱਪੜ ਦੇ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ਅਤੇ 100 ਫ਼ੀਸਦੀ ਸਬਸਿਡੀ ਦੀ ਵਿਵਸਥਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਲਈ ਰੂਫ਼ ਟਾਪ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਲਗਾਏ ਜਾ ਰਹੇ ਹਨ ਪੱਕੀਆਂ ਛੱਤਾਂ ਤੋਂ ਇਕੱਠੇ ਹੋਣ ਵਾਲੇ ਬਰਸਾਤੀ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕਰਕੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਮੁੜ ਭਰਨ ਵਿੱਚ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਘਰਾਂ ਵਿੱਚ ਪਾਣੀ ਦੇ ਨਿਕਾਸ ਦੀ ਉਚਿਤ ਵਿਵਸਥਾ ਨਹੀਂ ਹੈ, ਉੱਥੇ ਸੋਕ ਪਿੱਟਸ ਰਾਹੀਂ ਘਰੇਲੂ ਪਾਣੀ ਦੇ ਸੁਚੱਜੇ ਨਿਪਟਾਰੇ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਉਪ ਮੰਡਲ ਭੂਮੀ ਰੱਖਿਆ ਅਫ਼ਸਰ ਨੇ ਕਿਹਾ ਕਿ ਪਾਣੀ ਦੀ ਸੰਭਾਲ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰੇਕ ਨਾਗਰਿਕ ਅਤੇ ਕਿਸਾਨ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਸਿੰਚਾਈ ਤਰੀਕਿਆਂ ਦੇ ਨਾਲ-ਨਾਲ ਪਾਣੀ ਦੀ ਬੱਚਤ ਕਰਨ ਵਾਲੀਆਂ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਲਾਭ ਲੈਣ। ਉਨ੍ਹਾਂ ਦੱਸਿਆ ਕਿ ਤਹਿਸੀਲ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਕਿਸਾਨ ਅਤੇ ਹੋਰ ਯੋਗ ਲਾਭਪਾਤਰੀ ਇਨ੍ਹਾਂ ਸਕੀਮਾਂ ਸਬੰਧੀ ਜਾਣਕਾਰੀ ਲਈ ਦਫ਼ਤਰ ਉਪ ਮੰਡਲ ਭੂਮੀ ਤੇ ਜਲ ਸੰਭਾਲ ਵਿਭਾਗ, ਪਿੰਡ ਭੈਣੀ ਕੰਬੋਆ, ਮਾਲੇਰਕੋਟਲਾ ਵਿਖੇ, ਭੂਮੀ ਰੱਖਿਆ ਅਫ਼ਸਰ ਵਿਕਰਮ ਸਿੰਘ ਮੋਬਾਇਲ ਨੰਬਰ 98764-56989 ਅਤੇ ਭੂਮੀ ਰੱਖਿਆ ਅਫ਼ਸਰ ਜ਼ੁਲਫ਼ਕਾਰ ਅਲੀ 98155-11672ਦੇ ਮੋਬਾਇਲ ਨੰਬਰ ਤੇ ਦ਼ਫਤਰੀ ਸਮੇਂ ਦੌਰਾਨ ਸੰਪਰਕ ਕਰ ਸਕਦੇ ਹਨ।






