ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ਵਿੱਚ 24 ਜਨਵਰੀ ਨੂੰ ਸਾਬਕਾ ਮਹਿਲਾ ਸਰਪੰਚ ਮਹਿੰਦਰਜੀਤ ਕੌਰ ਦੇ ਹੋਏ ਦਿਨ ਦਿਹਾੜੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪਿਤਾ–ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ, ਕਤਲ ਦੀ ਵਜ੍ਹਾ ਪੁਰਾਣਾ ਜ਼ਮੀਨੀ ਵਿਵਾਦ ਦੱਸੀ ਜਾ ਰਹੀ ਹੈ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਐਸਪੀ (ਹੈੱਡਕੁਆਰਟਰ) ਪ੍ਰਦੀਪ ਸੰਧੂ ਨੇ ਦੱਸਿਆ ਕਿ 24 ਜਨਵਰੀ ਨੂੰ ਥਾਣਾ ਸਦਰ ਮਾਨਸਾ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਖਿੱਲਣ ਦੀ ਰਹਿਣ ਵਾਲੀ 45 ਸਾਲਾ ਮਹਿੰਦਰਜੀਤ ਕੌਰ, ਜੋ ਸਾਬਕਾ ਸਰਪੰਚ ਸੀ ਅਤੇ ਮੌਜੂਦਾ ਸਮੇਂ ਨੇੜੇ ਆਈ.ਟੀ.ਆਈ. ਬੁਢਲਾਡਾ ਇਲਾਕੇ ਵਿੱਚ ਰਹਿ ਰਹੀ ਸੀ, ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਮ੍ਰਿਤਕਾ ਦੇ ਪਤੀ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਅਮਨਿੰਦਰ ਸਿੰਘ ਪੁੱਤਰ ਭਗਵੰਤ ਸਿੰਘ, ਭਗਵੰਤ ਸਿੰਘ ਪੁੱਤਰ ਮੱਲ ਸਿੰਘ ਅਤੇ ਗੁਰਪਾਲ ਸਿੰਘ ਪੁੱਤਰ ਅਮਰੀਕ ਸਿੰਘ, ਸਾਰੇ ਵਾਸੀ ਪਿੰਡ ਖਿੱਲਣ, ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਐਸਪੀ ਪ੍ਰਦੀਪ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀਐਸਪੀ ਬੂਟਾ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਅਮਰੀਕ ਸਿੰਘ (ਮੁੱਖ ਅਧਿਕਾਰੀ ਥਾਣਾ ਸਦਰ ਮਾਨਸਾ) ਅਤੇ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ (ਚੌਂਕੀ ਇੰਚਾਰਜ ਨਰਿੰਦਰਪੁਰਾ) ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਟੀਮਾਂ ਨੇ ਵਿਗਿਆਨਕ ਅਤੇ ਤਕਨੀਕੀ ਤਰੀਕਿਆਂ ਨਾਲ ਜਾਂਚ ਕਰਦੇ ਹੋਏ ਕੁਝ ਹੀ ਸਮੇਂ ਵਿੱਚ ਅਮਨਿੰਦਰ ਸਿੰਘ (40) ਅਤੇ ਭਗਵੰਤ ਸਿੰਘ (64) ਨੂੰ ਕਾਬੂ ਕਰ ਲਿਆ।
ਗ੍ਰਿਫ਼ਤਾਰ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਕਤਲ ਵਿੱਚ ਵਰਤੇ ਗਏ ਹਥਿਆਰ 32 ਬੋਰ ਦਾ ਰਿਵਾਲਵਰ, 12 ਬੋਰ ਡਬਲ ਬੈਰਲ ਬੰਦੂਕ, ਜਿੰਦਾ ਕਾਰਤੂਸ ਅਤੇ ਬਿਨਾਂ ਨੰਬਰ ਦੀ ਸਕਾਰਪਿਓ ਗੱਡੀ ਬਰਾਮਦ ਕੀਤੀ ਗਈ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ, ਮ੍ਰਿਤਕਾ ਮਹਿੰਦਰਜੀਤ ਕੌਰ ਅਤੇ ਮੁੱਖ ਮੁਲਜ਼ਮ ਅਮਨਿੰਦਰ ਸਿੰਘ ਦਰਮਿਆਨ ਲੰਮੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਲਿਆਂਦੇ ਜਾ ਸਕਣ।






