ਯਮੁਨਾਨਗਰ: ਯਮੁਨਾਨਗਰ ਦੇ ਸਿਵਲ ਹਸਪਤਾਲ ਵਿੱਚ ਬੀਤੀ ਦੇਰ ਰਾਤ ਕਰੀਬ 1 ਵਜੇ ਪ੍ਰਬੰਧਕੀ ਬਲਾਕ ਵਿੱਚ ਅਚਾਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਾਫ਼ੀ ਦੂਰ ਤੱਕ ਸੁਣੀ ਗਈ ਅਤੇ ਹਸਪਤਾਲ ਪ੍ਰੰਗਣ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਦੇ ਕਾਰਨ ਪ੍ਰਬੰਧਕੀ ਬਲਾਕ ਦੀ ਛੱਤ ਤੋਂ ਲਗਭਗ 50 ਤੋਂ 60 ਫੁੱਟ ਲੰਬਾ ਥੰਮ੍ਹ ਹੇਠਾਂ ਡਿੱਗ ਪਿਆ, ਜਿਸ ਨਾਲ ਸਿਹਤ ਵਿਭਾਗ ਦੇ ਇੱਕ ਵਾਹਨ ਨੂੰ ਭਾਰੀ ਨੁਕਸਾਨ ਪਹੁੰਚਿਆ।
ਧਮਾਕੇ ਨਾਲ ਐਡਮਿਟ ਬਲਾਕ ਦੀ ਕਈ ਥਾਵਾਂ ਤੋਂ ਸੀਲਿੰਗ ਟੁੱਟ ਗਈ ਅਤੇ ਦਿਵਾਰਾਂ ਨੂੰ ਵੀ ਨੁਕਸਾਨ ਹੋਇਆ। ਇਸ ਤੋਂ ਇਲਾਵਾ, ਟਰਾਮਾ ਸੈਂਟਰ ਦੇ ਕੱਚ ਵੀ ਧਮਾਕੇ ਦੀ ਤੀਬਰ ਆਵਾਜ਼ ਕਾਰਨ ਚਕਨਾਚੂਰ ਹੋ ਗਏ। ਅਚਾਨਕ ਹੋਈ ਇਸ ਘਟਨਾ ਨਾਲ ਹਸਪਤਾਲ ਵਿੱਚ ਮੌਜੂਦ ਮਰੀਜ਼ਾਂ ਅਤੇ ਸਟਾਫ਼ ਵਿੱਚ ਘਬਰਾਹਟ ਫੈਲ ਗਈ।
ਸੂਚਨਾ ਮਿਲਦਿਆਂ ਹੀ ਸਿਵਲ ਸਰਜਨ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ। ਉੱਥੇ ਹੀ ਪੁਲਿਸ ਨੂੰ ਵੀ ਘਟਨਾ ਦੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਸ਼ੁਰੂਆਤੀ ਤੌਰ ’ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਧਮਾਕਾ ਛੱਤ ’ਤੇ ਲੱਗੇ ਸੋਲਰ ਗੀਜ਼ਰ ਵਿੱਚ ਹੋ ਸਕਦਾ ਹੈ, ਪਰ ਇੰਨੇ ਵੱਡੇ ਧਮਾਕੇ ਦੇ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕੇ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਵੇਰ ਹੋਣ ’ਤੇ ਫੋਰੈਂਸਿਕ ਟੀਮ ਵੱਲੋਂ ਵੀ ਸਥਿਤੀ ਦਾ ਅੰਕਲਨ ਕੀਤਾ ਜਾ ਰਿਹਾ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।







