Home Punjab Malerkotla ਸਫ਼ਾਈ ਪ੍ਰਬੰਧ ਬਹਾਲ ਕਰਨ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਡਿਪਟੀ ਕਮਿਸ਼ਨਰ ਵੱਲੋਂ ਐਮਰਜੈਂਸੀ ਹੁਕਮ ਜਾਰੀ

ਸਫ਼ਾਈ ਪ੍ਰਬੰਧ ਬਹਾਲ ਕਰਨ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਡਿਪਟੀ ਕਮਿਸ਼ਨਰ ਵੱਲੋਂ ਐਮਰਜੈਂਸੀ ਹੁਕਮ ਜਾਰੀ

0
1

*ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਬਣਾਈ ਰੱਖਣ, ਕੂੜਾ ਇਧਰ-ਉਧਰ ਨਾ ਸੁੱਟਣ, ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਡੇਂਗੂ, ਮਲੇਰੀਆ ਸਮੇਤ ਹੋਰ ਮੌਸਮੀ ਬਿਮਾਰੀਆਂ ਦੀ ਰੋਕਥਾਮ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਕਰਨ

  ਮਾਲੇਰਕੋਟਲਾ: ਜ਼ਿਲ੍ਹਾ ਮਲੇਰਕੋਟਲਾ ਵਿੱਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਪੈਦਾ ਹੋਈ ਸਥਿਤੀ ਅਤੇ ਲੋਕ ਸਿਹਤ ਨੂੰ ਦਰਪੇਸ਼ ਸੰਭਾਵਿਤ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਵਿਰਾਜ ਐਸ.ਤਿੜਕੇ ਵੱਲੋਂ ਪੰਜਾਬ ਮਿਊਂਸਪਲ ਐਕਟ, 1911 ਦੀਆਂ ਧਾਰਾਵਾਂ 233 ਅਤੇ 234 ਅਧੀਨ ਪ੍ਰਾਪਤ ਐਮਰਜੈਂਸੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ 8 ਜੁਲਾਈ 2026 ਤੋਂ ਸਫ਼ਾਈ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਸ਼ਹਿਰਾਂ ਵਿੱਚ ਕੂੜੇ ਦੇ ਢੇਰ ਲੱਗ ਗਏ ਹਨ ਅਤੇ ਮਾਨਸੂਨ ਦੇ ਮੌਸਮ ਵਿੱਚ ਇਹ ਸਥਿਤੀ ਮੱਛਰਾਂ ਅਤੇ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੇ ਫੈਲਣ ਦਾ ਗੰਭੀਰ ਖ਼ਤਰਾ ਪੈਦਾ ਕਰ ਸਕਦੀ ਹੈ। ਇਸ ਲਈ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦੇ ਆਧਾਰ ‘ਤੇ ਬਚਾਉਣ ਲਈ ਤੁਰੰਤ ਕਦਮ ਚੁੱਕੇ ਜਾਣਾ ਜ਼ਰੂਰੀ ਹੈ।

ਹੁਕਮਾਂ ਅਨੁਸਾਰ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਕਾਰਜਕਾਰੀ ਅਧਿਕਾਰੀਆਂ ਨੂੰ ਠੇਕੇਦਾਰ ਏਜੰਸੀਆਂ, ਆਊਟਸੋਰਸ ਕਰਮਚਾਰੀਆਂ, ਕਿਰਾਏ ਦੀਆਂ ਮਸ਼ੀਨਾਂ ਅਤੇ ਵਾਹਨਾਂ ਜਾਂ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਕੂੜਾ ਚੁੱਕਣ, ਢੋਆਈ ਅਤੇ ਵਿਗਿਆਨਕ ਢੰਗ ਨਾਲ ਨਿਪਟਾਰੇ ਲਈ ਤੁਰੰਤ ਵਿਕਲਪਕ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹਸਪਤਾਲਾਂ, ਸਕੂਲਾਂ, ਬਾਜ਼ਾਰਾਂ, ਨਾਲੀਆਂ, ਜਲ ਸਰੋਤਾਂ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਫ਼ਾਈ ਨੂੰ ਸਰਵੋਚ ਤਰਜੀਹ ਦੇਣ ਲਈ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਸਿਵਲ ਸਰਜਨ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਜੰਗੀ ਪੱਧਰ ‘ਤੇ ਐਂਟੀ ਲਾਰਵਾ ਗਤੀਵਿਧੀਆਂ, ਫੋਗਿੰਗ, ਕੀਟਾਣੂਨਾਸ਼ਕ ਛਿੜਕਾਅ, ਨਾਲੀਆਂ ਅਤੇ ਪਾਣੀ ਦੇ ਸਰੋਤਾਂ ਦੀ ਕਲੋਰੀਨੇਸ਼ਨ ਕਰਨ ਅਤੇ ਸਾਰੇ ਸਰਕਾਰੀ ਸਿਹਤ ਸੰਸਥਾਨਾਂ ਵਿੱਚ ਲੋੜੀਂਦੀਆਂ ਦਵਾਈਆਂ ਅਤੇ ਆਈ.ਵੀ. ਫਲੂਇਡਜ਼ ਦਾ ਯੋਗ ਭੰਡਾਰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਸਬੰਧਤ ਅਧਿਕਾਰੀ ਰੋਜ਼ਾਨਾ ਕੀਤੀ ਗਈ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਅਤੇ ਹੁਕਮਾਂ ਦੀ ਪਾਲਣਾ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹੇ ਮਾਮਲਿਆਂ ਵਿੱਚ ਸਬੰਧਤ ਅਧਿਕਾਰੀਆਂ ਜਾਂ ਕਰਮਚਾਰੀਆਂ ਵਿਰੁੱਧ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਫ਼ਾਈ ਬਣਾਈ ਰੱਖਣ, ਕੂੜਾ ਇਧਰ ਉਧਰ ਨਾ ਸੁੱਟਣ, ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਡੇਂਗੂ, ਮਲੇਰੀਆ ਸਮੇਤ ਹੋਰ ਮੌਸਮੀ ਬਿਮਾਰੀਆਂ ਦੀ ਰੋਕਥਾਮ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਕਰਨ।

LEAVE A REPLY

Please enter your comment!
Please enter your name here