Home Punjab Malerkotla  ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਨੂੰ...

 ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਨੂੰ ਮਿਲ ਰਿਹਾ ਹੈ ਜ਼ਿਲ੍ਹਾ ਨਿਵਾਸੀਆਂ ਦਾ ਭਰਵਾਂ ਹੁੰਗਾਰਾ

0
1

• 41 ਪਿੰਡਾਂ ਦੇ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਦਸਤਾਵੇਜ਼ੀ ਫ਼ਿਲਮ, ਸਮਾਨਤਾ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
• 29 ਜੁਲਾਈ ਨੂੰ ਪਿੰਡ ਮਹੋਲੀ ਖੁਰਦ ਅਤੇ ਫਰਵਾਲੀ ਵਿਖੇ ਹੋਵੇਗਾ ਵਿਸ਼ੇਸ਼ ਪ੍ਰਦਰਸ਼ਨ, ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੋੜਨ ਦਾ ਉਪਰਾਲਾ

ਮਾਲੇਰਕੋਟਲਾ:
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਮਾਲੇਰਕੋਟਲਾ ਬਲਾਕ ਦੇ ਪਿੰਡ ਸਿੰਕਦਰਪੁਰਾ ਅਤੇ ਅਖਤਿਆਰਪੁਰਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਸੰਦੇਸ਼ ਅਤੇ ਸਮਾਜ ਸੁਧਾਰਕ ਵਿਚਾਰਧਾਰਾ ‘ਤੇ ਆਧਾਰਿਤ ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ ਦਾ ਸਫ਼ਲਤਾਪੂਰਵਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕਰਦਿਆਂ ਗੁਰੂ ਸਾਹਿਬ ਦੇ ਮਨੁੱਖਤਾ, ਸਮਾਨਤਾ, ਭਾਈਚਾਰਕ ਸਾਂਝ ਅਤੇ ਸਮਾਜਿਕ ਨਿਆਂ ਦੇ ਸੰਦੇਸ਼ ਨੂੰ ਨੇੜਿਓਂ ਜਾਣਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰਿੰਪੀ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਵਿਸ਼ੇਸ਼ ਮੁਹਿੰਮ ਇਸ ਉਦੇਸ਼ ਨਾਲ ਚਲਾਈ ਜਾ ਰਹੀ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਉੱਚੀਆਂ ਸਿੱਖਿਆਵਾਂ ਅਤੇ ਲੋਕ-ਭਲਾਈ ਲਈ ਦਿੱਤੇ ਯੋਗਦਾਨ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ੀ ਫ਼ਿਲਮ ਲੋਕਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਆਦਰਸ਼ਾਂ ਤੋਂ ਪ੍ਰੇਰਿਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਬਣ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ  ਮਾਲੇਰਕੋਟਲਾ (ਐਚ) ਅਧੀਨ ਆਉਂਦੇ 41 ਪਿੰਡਾਂ ਵਿੱਚ ਇਸ ਦਸਤਾਵੇਜ਼ੀ ਫ਼ਿਲਮ ਦਾ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ, ਜਿੱਥੇ ਹਜ਼ਾਰਾਂ ਲੋਕਾਂ ਨੇ ਇਸ ਨੂੰ ਦੇਖ ਕੇ ਗੁਰੂ ਸਾਹਿਬ ਦੇ ਜੀਵਨ ਸੰਘਰਸ਼, ਸਮਾਜਿਕ ਬਰਾਬਰੀ, ਸਦਭਾਵਨਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਸੰਦੇਸ਼ ਤੋਂ ਪ੍ਰੇਰਨਾ ਪ੍ਰਾਪਤ ਕੀਤੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲੜੀ ਨੂੰ ਅੱਗੇ ਵਧਾਉਂਦਿਆਂ 29 ਜੁਲਾਈ ਨੂੰ ਮਾਲੇਰਕੋਟਲਾ ਬਲਾਕ ਦੇ ਪਿੰਡ ਮਹੋਲੀ ਖੁਰਦ ਵਿਖੇ ਸ਼ਾਮ 6:00 ਵਜੇ ਅਤੇ ਪਿੰਡ ਫਰਵਾਲੀ ਵਿਖੇ ਸ਼ਾਮ 7:00 ਵਜੇ ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਪ੍ਰੇਰਣਾਦਾਇਕ ਦਸਤਾਵੇਜ਼ੀ ਫ਼ਿਲਮ ਦਾ ਲਾਭ ਉਠਾਉਣ।
ਦਸਤਾਵੇਜ਼ੀ ਫ਼ਿਲਮ ਦੇ ਪ੍ਰਦਰਸ਼ਨ ਦੌਰਾਨ ਮੌਜੂਦ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਵਿਲੱਖਣ ਉਪਰਾਲੇ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨਾ ਸਿਰਫ਼ ਗੁਰੂ ਸਾਹਿਬ ਦੇ ਮਹਾਨ ਜੀਵਨ ਅਤੇ ਫ਼ਲਸਫ਼ੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੀਆਂ ਹਨ, ਸਗੋਂ ਸਮਾਜ ਵਿੱਚ ਆਪਸੀ ਪਿਆਰ, ਬਰਾਬਰੀ ਅਤੇ ਭਾਈਚਾਰੇ ਦੀ ਭਾਵਨਾ ਨੂੰ ਵੀ ਹੋਰ ਮਜ਼ਬੂਤ ਕਰਦੀਆਂ ਹਨ।

LEAVE A REPLY

Please enter your comment!
Please enter your name here