Monday, September 14, 2026
Home National ਬਜ਼ੁਰਗ ਨੂੰ ਮਿਲੀ ਨਵੀਂ ਜ਼ਿੰਦਗੀ, ਏਅਰਲਿਫਟ ਕੀਤਾ ਦਿਲ

ਬਜ਼ੁਰਗ ਨੂੰ ਮਿਲੀ ਨਵੀਂ ਜ਼ਿੰਦਗੀ, ਏਅਰਲਿਫਟ ਕੀਤਾ ਦਿਲ

0
1

ਪੰਚਕੂਲਾ/ਨੋਇਡਾ: ਪੰਚਕੂਲਾ ਦੀ ਇੱਕ 32 ਸਾਲਾ ਬ੍ਰੇਨ-ਡੈੱਡ ਔਰਤ ਦੇ ਪਰਿਵਾਰ ਵੱਲੋਂ ਅੰਗ ਦਾਨ ਕਰਨ ਦੇ ਲਏ ਗਏ ਸ਼ਲਾਘਾਯੋਗ ਫੈਸਲੇ ਨਾਲ ਨੋਇਡਾ ਵਿੱਚ ਜ਼ਿੰਦਗੀ ਲਈ ਜੂਝ ਰਹੇ 62 ਸਾਲਾ ਬਜ਼ੁਰਗ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਔਰਤ ਨੂੰ ਦਿਮਾਗੀ ਤੌਰ ’ਤੇ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਨਾਲ ਉਸ ਦਾ ਦਿਲ ਨੋਇਡਾ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਬਜ਼ੁਰਗ ਨੂੰ ਟਰਾਂਸਪਲਾਂਟ ਕਰਨ ਲਈ ‘ਮਿਸ਼ਨ ਦਿਲ ਟਰਾਂਸਪਲਾਂਟ’ ਸ਼ੁਰੂ ਕੀਤਾ ਗਿਆ।

ਮਨੁੱਖੀ ਦਿਲ ਨੂੰ ਟਰਾਂਸਪਲਾਂਟ ਲਈ ਸੁਰੱਖਿਅਤ ਰੱਖਣ ਦੀ 6 ਤੋਂ 8 ਘੰਟਿਆਂ ਦੀ ਸਮਾਂ-ਸੀਮਾ ਨੂੰ ਧਿਆਨ ਵਿੱਚ ਰੱਖਦਿਆਂ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਦਿਲ ਨੂੰ ਪੰਚਕੂਲਾ ਤੋਂ ਏਅਰਲਿਫ਼ਟ ਕਰਨ ਦਾ ਫੈਸਲਾ ਕੀਤਾ। ਦਿਲ ਨੂੰ ਪਹਿਲਾਂ ਚੰਡੀਗੜ੍ਹ ਏਅਰਪੋਰਟ ਤੋਂ ਨੋਇਡਾ ਏਅਰਪੋਰਟ ਤੱਕ ਹਵਾਈ ਰਸਤੇ ਪਹੁੰਚਾਇਆ ਗਿਆ।

ਇਸ ਤੋਂ ਬਾਅਦ ਨੋਇਡਾ ਏਅਰਪੋਰਟ ਤੋਂ ਹਸਪਤਾਲ ਤੱਕ ਦੇ ਕਰੀਬ 20 ਕਿਲੋਮੀਟਰ ਦੇ ਰਸਤੇ ਲਈ ਵਿਸ਼ੇਸ਼ ਗ੍ਰੀਨ ਕੋਰੀਡੋਰ ਬਣਾਇਆ ਗਿਆ। ਟ੍ਰੈਫਿਕ ਪੁਲਿਸ, ਪ੍ਰਸ਼ਾਸਨ ਅਤੇ ਹਸਪਤਾਲ ਦੀ ਟੀਮ ਨੇ ਪੂਰੀ ਮੁਸਤੈਦੀ ਨਾਲ ਰਸਤਾ ਖਾਲੀ ਕਰਵਾਇਆ।

ਸਾਂਝੇ ਯਤਨਾਂ ਸਦਕਾ ਦਿਲ ਨੂੰ ਏਅਰਪੋਰਟ ਤੋਂ ਹਸਪਤਾਲ ਤੱਕ ਪਹੁੰਚਾਉਣ ਦਾ 20 ਕਿਲੋਮੀਟਰ ਦਾ ਸਫ਼ਰ ਮਹਿਜ਼ 16 ਮਿੰਟਾਂ ਵਿੱਚ ਪੂਰਾ ਕੀਤਾ ਗਿਆ। ਦਿਲ ਨੂੰ ਤੁਰੰਤ ਆਪ੍ਰੇਸ਼ਨ ਥੀਏਟਰ ਵਿੱਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਸਫ਼ਲਤਾਪੂਰਵਕ ਟਰਾਂਸਪਲਾਂਟ ਕੀਤਾ।

ਇਸ ਅੰਗ ਦਾਨ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਕਿਸੇ ਵਿਅਕਤੀ ਦੇ ਜਾਣ ਤੋਂ ਬਾਅਦ ਵੀ ਉਸ ਦੇ ਅੰਗ ਕਿਸੇ ਹੋਰ ਦੀ ਜ਼ਿੰਦਗੀ ਬਚਾਉਣ ਦਾ ਕਾਰਨ ਬਣ ਸਕਦੇ ਹਨ। ਪਰਿਵਾਰ ਦੀ ਸਹਿਮਤੀ, ਡਾਕਟਰਾਂ ਦੀ ਮਿਹਨਤ ਅਤੇ ਪ੍ਰਸ਼ਾਸਨ ਦੇ ਤੁਰੰਤ ਸਹਿਯੋਗ ਨਾਲ ਇੱਕ ਦਿਲ ਨੇ ਸੈਂਕੜੇ ਕਿਲੋਮੀਟਰ ਦੂਰ ਇੱਕ ਜ਼ਿੰਦਗੀ ਨੂੰ ਨਵੀਂ ਉਮੀਦ ਦਿੱਤੀ।

LEAVE A REPLY

Please enter your comment!
Please enter your name here