ਬਗਦਾਦ: ਬਗਦਾਦ ਵਿੱਚ ਸਥਿਤ ਯੂਨਾਈਟਡ ਸਟੇਟ ਅੰਬੈਸੀ ਬਗਦਾਦ ‘ਤੇ ਅੱਜ ਡਰੋਨ ਹਮਲਾ ਹੋਇਆ। ਵਿਸਫੋਟਕਾਂ ਨਾਲ ਲੈਸ ਦੋ ਡਰੋਨਾਂ ਰਾਹੀਂ ਦੂਤਾਵਾਸ ਨੂੰ ਨਿਸ਼ਾਨਾ ਬਣਾਇਆ ਗਿਆ। ਧਮਾਕਿਆਂ ਦੀਆਂ ਤੇਜ਼ ਆਵਾਜ਼ਾਂ ਨਾਲ ਪੂਰਾ ਇਲਾਕਾ ਦਹਿਲ ਉੱਠਿਆ।
ਸੁਰੱਖਿਆ ਪ੍ਰਣਾਲੀ ਰਹੀ ਅਸਫਲ
ਇਰਾਕੀ ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਦੋਵੇਂ ਡਰੋਨ ਦੂਤਾਵਾਸ ਦੇ ਸੁਰੱਖਿਆ ਘੇਰੇ ਅੰਦਰ ਫਟੇ, ਜਿਸ ਨਾਲ ਅੱਗ ਲੱਗ ਗਈ ਅਤੇ ਸਾਇਰਨ ਵੱਜਣੇ ਸ਼ੁਰੂ ਹੋ ਗਏ। ਰਿਪੋਰਟਾਂ ਅਨੁਸਾਰ ਰੱਖਿਆ ਪ੍ਰਣਾਲੀ ਆਉਣ ਵਾਲੇ ਡਰੋਨਾਂ ਨੂੰ ਰੋਕਣ ਵਿੱਚ ਅਸਫਲ ਰਹੀ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ, ਪਰ ਇਮਾਰਤਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਗ੍ਰੀਨ ਜ਼ੋਨ ਫਿਰ ਨਿਸ਼ਾਨੇ ‘ਤੇ
ਬਗਦਾਦ ਦਾ ਗ੍ਰੀਨ ਜ਼ੋਨ ਇਰਾਕੀ ਸਰਕਾਰੀ ਦਫ਼ਤਰਾਂ, ਸੰਸਦ ਅਤੇ ਕਈ ਵਿਦੇਸ਼ੀ ਦੂਤਾਵਾਸਾਂ ਦਾ ਕੇਂਦਰ ਹੈ। ਇਸ ਖੇਤਰ ਨੂੰ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ, ਪਰ ਪਿਛਲੇ ਕੁਝ ਸਾਲਾਂ ਦੌਰਾਨ ਇਹ ਰਾਕੇਟ ਅਤੇ ਮੋਰਟਾਰ ਹਮਲਿਆਂ ਦਾ ਨਿਸ਼ਾਨਾ ਬਣਦਾ ਰਿਹਾ ਹੈ।
ਮਜਨੂਨ ਤੇਲ ਖੇਤਰ ‘ਚ ਵੀ ਡਰੋਨ ਹਮਲਾ
ਇਸੇ ਦੌਰਾਨ ਇਰਾਕ ਦੇ ਦੱਖਣੀ ਹਿੱਸੇ ਵਿੱਚ ਸਥਿਤ Majnoon Oil Field ਨੂੰ ਵੀ ਦੋ ਡਰੋਨਾਂ ਨੇ ਨਿਸ਼ਾਨਾ ਬਣਾਇਆ। ਤੇਲ ਮੰਤਰਾਲੇ ਅਨੁਸਾਰ ਇੱਕ ਡਰੋਨ ਟੈਲੀਕਾਮ ਟਾਵਰ ਨਾਲ ਟਕਰਾਇਆ, ਜਦਕਿ ਦੂਜੇ ਨੂੰ ਉੱਥੇ ਕੰਮ ਕਰ ਰਹੀ ਅਮਰੀਕੀ ਕੰਪਨੀ ਦੇ ਦਫ਼ਤਰਾਂ ਵੱਲ ਵੱਧਦੇ ਹੋਏ ਡੇਗ ਦਿੱਤਾ ਗਿਆ। ਕੋਈ ਵੱਡਾ ਨੁਕਸਾਨ ਦਰਜ ਨਹੀਂ ਹੋਇਆ।
ਅਨਬਾਰ ‘ਚ ਇਜ਼ਰਾਈਲੀ ਹਮਲੇ ਦਾ ਦਾਅਵਾ
ਦੂਜੇ ਪਾਸੇ, Popular Mobilization Forces ਨੇ ਦਾਅਵਾ ਕੀਤਾ ਕਿ ਪੱਛਮੀ ਸੂਬੇ ਅਨਬਾਰ ਵਿੱਚ ਇਜ਼ਰਾਈਲੀ ਹਮਲੇ ਦੌਰਾਨ ਉਸਦੇ ਛੇ ਮੈਂਬਰ ਮਾਰੇ ਗਏ ਅਤੇ ਚਾਰ ਜ਼ਖਮੀ ਹੋਏ। ਸੰਗਠਨ ਮੁਤਾਬਕ ਹਮਲਾ ਸੀਰੀਆ ਸਰਹੱਦ ਨੇੜੇ ਅਲ-ਕਾਇਮ ਸ਼ਹਿਰ ਵਿੱਚ ਸਥਿਤ ਇੱਕ ਚੌਕੀ ‘ਤੇ ਕੀਤਾ ਗਿਆ।
ਇਸ ਘਟਨਾ ਨਾਲ ਖੇਤਰ ਵਿੱਚ ਤਣਾਅ ਹੋਰ ਵੱਧ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ।






