ਮਾਲੇਰਕੋਟਲਾ, 5 ਅਗਸਤ:
ਮਾਲੇਰਕੋਟਲਾ ਨੇ ਐਸ.ਆਈ.ਆਰ.-2026 ਦੇ ਘਰ-ਘਰ ਗਣਨਾ ਪੜਾਅ ਵਿੱਚ ਪੰਜਾਬ ਭਰ ਵਿੱਚ ਦੂਜਾ ਸਥਾਨ ਹਾਸਲ ਕੀਤਾ
94.23 ਫੀਸਦੀ ਗਣਨਾ ਫਾਰਮ ਇਕੱਤਰ ਕਰਕੇ ਡਿਜੀਟਾਈਜ਼ ਕੀਤੇ, 3.06 ਲੱਖ ਤੋਂ ਵੱਧ ਵੋਟਰਾਂ
ਨੇ ਕਰਵਾਈ ਤਸਦੀਕ
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.-2026) ਤਹਿਤ ਘਰ-ਘਰ ਗਣਨਾ ਪੜਾਅ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਭਰ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ.ਤਿੜਕੇ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 400 ਪੋਲਿੰਗ ਬੂਥਾਂ ਅਧੀਨ ਦਰਜ 3,25,433 ਵੋਟਰਾਂ ਵਿੱਚੋਂ 3,06,653 ਗਣਨਾ ਫਾਰਮ ਸਫਲਤਾਪੂਰਵਕ ਇਕੱਤਰ ਕਰਕੇ ਡਿਜੀਟਾਈਜ਼ ਕੀਤੇ ਗਏ ਹਨ, ਜੋ ਕਿ ਕੁੱਲ ਵੋਟਰਾਂ ਦਾ 94.23 ਫੀਸਦੀ ਬਣਦਾ ਹੈ। ਇਸ ਉਪਲਬਧੀ ਨਾਲ ਮਾਲੇਰਕੋਟਲਾ ਨੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਚੋਣ ਪ੍ਰਬੰਧਨ ਅਤੇ ਮੈਦਾਨੀ ਪੱਧਰ ‘ਤੇ ਕੀਤੀ ਗਈ ਮਿਹਨਤ ਦਾ ਸ਼ਾਨਦਾਰ ਉਦਾਹਰਨ ਪੇਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਮਾਲੇਰਕੋਟਲਾ ਵਿੱਚ 1,60,198 ਵੋਟਰਾਂ ਵਿੱਚੋਂ 1,51,994 (94.88%) ਅਤੇ ਹਲਕਾ ਅਮਰਗੜ੍ਹ ਵਿੱਚ 1,65,235 ਵੋਟਰਾਂ ਵਿੱਚੋਂ 1,54,659 (93.60%) ਵੋਟਰਾਂ ਦੀ ਤਸਦੀਕ ਮੁਕੰਮਲ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਫਲਤਾ ਜ਼ਿਲ੍ਹੇ ਦੇ ਸਮੂਹ ਚੋਣ ਅਮਲੇ, ਵਿਸ਼ੇਸ਼ ਤੌਰ ‘ਤੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼), ਸੁਪਰਵਾਈਜ਼ਰਾਂ, ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ, ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ, ਰਾਜਨੀਤਿਕ ਪਾਰਟੀਆਂ ਵੱਲੋਂ ਨਿਯੁਕਤ ਬੂਥ ਲੈਵਲ ਏਜੰਟਾਂ, ਮੀਡੀਆ ਅਤੇ ਜ਼ਿਲ੍ਹਾ ਵਾਸੀਆਂ ਦੇ ਸਰਗਰਮ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਵੋਟਰ ਸੂਚੀਆਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਹਰ ਯੋਗ ਵੋਟਰ ਤੱਕ ਪਹੁੰਚ ਕਰਨ ਦਾ ਹਰ ਸੰਭਵ ਯਤਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 18,780 ਫਾਰਮ (5.77 ਫੀਸਦੀ) ਅਜਿਹੇ ਰਹੇ, ਜੋ ਗੈਰਹਾਜ਼ਰ, ਸਥਾਈ ਤੌਰ ‘ਤੇ ਤਬਦੀਲ ਹੋ ਚੁੱਕੇ, ਮ੍ਰਿਤਕ , ਡੁਪਲੀਕੇਟ ਐਂਟਰੀਆਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ 9,614 ਮੌਤਾਂ, 5,250 ਸਥਾਈ ਤੌਰ ‘ਤੇ ਤਬਦੀਲ ਹੋਏ, 1,116 ਪਹਿਲਾਂ ਤੋਂ ਦਰਜ, 2,755 ਗੈਰ-ਹਾਜ਼ਰ ਅਤੇ 45 ਹੋਰ ਸ਼੍ਰੇਣੀ ਦੇ ਕੇਸ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦਾ ਰੈਸ਼ਨਲਾਈਜ਼ੇਸ਼ਨ ਵੀ ਕੀਤਾ ਗਿਆ ਹੈ। ਇਸ ਤਹਿਤ ਮਾਲੇਰਕੋਟਲਾ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 400 ਤੋਂ ਵਧਾ ਕੇ 406 ਕਰ ਦਿੱਤੀ ਗਈ ਹੈ, ਜਿਸ ਨਾਲ ਵੋਟਰਾਂ ਨੂੰ ਆਪਣੇ ਨਜ਼ਦੀਕੀ ਪੋਲਿੰਗ ਸਟੇਸ਼ਨਾਂ ‘ਤੇ ਹੋਰ ਸੁਵਿਧਾਜਨਕ ਢੰਗ ਨਾਲ ਵੋਟ ਪਾਉਣ ਦਾ ਮੌਕਾ ਮਿਲੇਗਾ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ 13 ਅਗਸਤ 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਡਰਾਫਟ ਵੋਟਰ ਸੂਚੀ ਵਿੱਚ ਆਪਣੇ ਨਾਮ ਅਤੇ ਵੇਰਵਿਆਂ ਦੀ ਜ਼ਰੂਰ ਜਾਂਚ ਕਰਨ। ਜੇਕਰ ਕਿਸੇ ਯੋਗ ਨਾਗਰਿਕ ਦਾ ਨਾਮ ਦਰਜ ਹੋਣ ਤੋਂ ਰਹਿ ਗਿਆ ਹੈ ਜਾਂ ਕਿਸੇ ਕਿਸਮ ਦੀ ਸੋਧ ਦੀ ਲੋੜ ਹੈ ਤਾਂ ਉਹ 13 ਅਗਸਤ ਤੋਂ 12 ਸਤੰਬਰ 2026 ਤੱਕ ਫਾਰਮ ਨੰਬਰ-6 ਸਮੇਤ ਸਬੰਧਤ ਦਾਅਵੇ ਅਤੇ ਇਤਰਾਜ਼ ਆਨਲਾਈਨ ਜਾਂ ਸਬੰਧਤ ਬੀ.ਐਲ.ਓ. ਰਾਹੀਂ ਦਾਖਲ ਕਰ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ 16 ਅਗਸਤ ਨੂੰ ਜ਼ਿਲ੍ਹੇ ਦੇ ਸਮੂਹ 406 ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ ਕੈਂਪਾਂ ਦਾ ਆਯੋਜਿਤ ਕੀਤੇ ਜਾਣਗੇ ਤਾਂ ਜੋ ਯੋਗ ਨਾਗਰਿਕ ਦਾਅਵੇ ਅਤੇ ਇਤਰਾਜ਼ ਦੇ ਸਕਣ ।






