ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਪੈਰੋਲ ਲਈ ਦਿੱਤੀ ਗਈ ਦਰਖ਼ਾਸਤ ਸਬੰਧੀ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਹੁਕਮ ਦਿੱਤਾ ਹੈ ਕਿ 22 ਜਨਵਰੀ ਤੋਂ ਚਾਰ ਹਫ਼ਤਿਆਂ ਦੇ ਅੰਦਰ ਕੇਂਦਰੀ ਜੇਲ੍ਹ ਨੰਬਰ 15, ਮੰਡੌਲੀ (ਨਵੀਂ ਦਿੱਲੀ) ਦੇ ਸੁਪਰਡੈਂਟ ਵਲੋਂ ਪੈਰੋਲ ਬਾਰੇ ਲਿਆ ਗਿਆ ਫੈਸਲਾ ਭਾਈ ਹਵਾਰਾ ਅਤੇ ਉਨ੍ਹਾਂ ਦੇ ਵਕੀਲ ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਇਹ ਦਰਖ਼ਾਸਤ 11 ਜੂਨ 2025 ਨੂੰ ਜੇਲ੍ਹ ਸੁਪਰਡੈਂਟ ਕੋਲ ਦਿੱਤੀ ਗਈ ਸੀ, ਪਰ ਇਸ ’ਤੇ ਸਮੇਂ ਸਿਰ ਫੈਸਲਾ ਨਾ ਹੋਣ ਕਾਰਨ ਮਾਮਲਾ ਦਿੱਲੀ ਹਾਈ ਕੋਰਟ ਤੱਕ ਪਹੁੰਚਿਆ।
ਇਸ ਮਾਮਲੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੀ ਪੱਖੋਂ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਦੇ ਨਾਲ ਐਡਵੋਕੇਟ ਏਕਤਾ ਵਤਸ ਅਤੇ ਐਡਵੋਕੇਟ ਜਾਹਨਵੀ ਗਰਗ ਅਦਾਲਤ ਵਿੱਚ ਪੈਰਵਾਈ ਕਰ ਰਹੇ ਹਨ।
ਦਿੱਲੀ ਹਾਈ ਕੋਰਟ ਦੇ ਇਸ ਨਿਰਦੇਸ਼ ਨੂੰ ਪੈਰੋਲ ਅਰਜ਼ੀ ’ਤੇ ਫੈਸਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵੱਲ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।






