ਪਟਿਆਲਾ: ਪਟਿਆਲਾ ਸ਼ਹਿਰ ਵਿੱਚ ਅਪਰਾਧਿਕ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਦੋ ਦਿਨਾਂ ਦੇ ਅੰਦਰ ਕਤਲ ਦੀ ਦੂਜੀ ਵੱਡੀ ਘਟਨਾ ਸਾਹਮਣੇ ਆਉਣ ਨਾਲ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ ਵਧ ਗਈ ਹੈ। ਤਾਜ਼ਾ ਮਾਮਲੇ ਵਿੱਚ ਕੁਝ ਵਿਅਕਤੀਆਂ ਨੇ ਦੁੱਧ ਦੀ ਡੇਅਰੀ ਚਲਾਉਣ ਵਾਲੇ ਰਵੀਨ ਕੁਮਾਰ ਨੂੰ ਫੋਨ ਕਰਕੇ ਬੁਲਾਇਆ ਅਤੇ ਬਾਅਦ ਵਿੱਚ ਉਸ ਦਾ ਪਰਨਾ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ 40 ਸਾਲਾ ਰਵੀਨ ਕੁਮਾਰ ਪੁੱਤਰ ਰਮੇਸ਼ ਚੰਦ, ਵਾਸੀ ਦੀਪ ਨਗਰ, ਤ੍ਰਿਪੜੀ ਵਜੋਂ ਹੋਈ ਹੈ। ਥਾਣਾ ਤ੍ਰਿਪੜੀ ਪੁਲਿਸ ਨੇ ਮ੍ਰਿਤਕ ਦੇ ਭਰਾ ਕੁਲਵਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਭੁਪਿੰਦਰ ਸਿੰਘ, ਕੁਲਦੀਪ ਸਿੰਘ ਪੁੱਤਰ ਸੁਖਵੰਤ ਸਿੰਘ, ਸੁਖਵੰਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤਕਰਤਾ ਕੁਲਵਿੰਦਰ ਕੁਮਾਰ ਅਨੁਸਾਰ ਉਨ੍ਹਾਂ ਦੀ ਫੇਜ਼-3 ਮਾਰਕੀਟ, ਅਰਬਨ ਅਸਟੇਟ ਪਟਿਆਲਾ ਵਿਖੇ ‘ਚੌਧਰੀ ਮਿਲਕ ਪੁਆਇੰਟ’ ਦੇ ਨਾਂ ਨਾਲ ਡੇਅਰੀ ਹੈ। 16 ਨਵੰਬਰ ਦੀ ਸ਼ਾਮ ਕਰੀਬ 8 ਵਜੇ ਉਹ ਆਪਣੇ ਭਰਾ ਰਵੀਨ ਨਾਲ ਡੇਅਰੀ ‘ਤੇ ਮੌਜੂਦ ਸੀ। ਇਸ ਦੌਰਾਨ ਕੁਲਦੀਪ ਸਿੰਘ ਦਾ ਫੋਨ ਆਇਆ, ਜਿਸ ਤੋਂ ਬਾਅਦ ਰਵੀਨ ਉਸ ਨਾਲ ਗੱਲਬਾਤ ਕਰਕੇ ਉੱਥੋਂ ਚਲਾ ਗਿਆ। ਰਾਤ 9 ਵਜੇ ਤੱਕ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਪਰਿਵਾਰਕ ਮੈਂਬਰ ਜਦੋਂ ਦੀਪ ਨਗਰ ਸਥਿਤ ਆਪਣੇ ਨਿਰਮਾਣ ਅਧੀਨ ਮਕਾਨ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਕੁਝ ਵਿਅਕਤੀ ਰਵੀਨ ਦਾ ਪਰਨਾ ਨਾਲ ਗਲਾ ਘੁੱਟ ਰਹੇ ਸਨ। ਸ਼ਿਕਾਇਤ ਮੁਤਾਬਕ ਭੁਪਿੰਦਰ ਸਿੰਘ ਨੇ ਉਸ ਦੀ ਖੱਬੀ ਬਾਂਹ ‘ਤੇ ਪੈਰ ਰੱਖਿਆ ਹੋਇਆ ਸੀ, ਜਦਕਿ ਸੁਖਵੰਤ ਸਿੰਘ ਨੇ ਸੱਜੀ ਬਾਂਹ ਫੜੀ ਹੋਈ ਸੀ ਅਤੇ ਦੋ ਅਣਪਛਾਤੇ ਵਿਅਕਤੀ ਉਸ ਦੀਆਂ ਲੱਤਾਂ ਦਬਾ ਰਹੇ ਸਨ। ਪਰਿਵਾਰਕ ਮੈਂਬਰਾਂ ਨੂੰ ਦੇਖਦਿਆਂ ਹੀ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਤੋਂ ਬਾਅਦ ਰਵੀਨ ਨੂੰ ਤੁਰੰਤ ਮਨੀਪਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਤ੍ਰਿਪੜੀ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਇੱਕ ਮੁਲਜ਼ਮ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 16 ਨਵੰਬਰ ਨੂੰ ਪਟਿਆਲਾ ਵਿੱਚ ਪ੍ਰਾਪਰਟੀ ਡੀਲਰ ਸੁਖਵਿੰਦਰ ਸਿੰਘ ਉਰਫ਼ ਗਾਗੂ ‘ਤੇ ਫਾਇਰਿੰਗ ਹੋਈ ਸੀ। ਇਸੇ ਰਾਤ ਐੱਚ.ਡੀ.ਐੱਫ.ਸੀ. ਬੈਂਕ ਦੇ ਮੁਲਾਜ਼ਮ ਰਜਤ ਸ਼ਰਮਾ ਉਰਫ਼ ਤਾਸ਼ੂ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਡੇਅਰੀ ਸੰਚਾਲਕ ਦੇ ਕਤਲ ਦੀ ਘਟਨਾ ਨੇ ਸ਼ਹਿਰ ਵਿੱਚ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।






