ਮਾਲੇਰਕੋਟਲਾ, 17 ਨਵੰਬਰ:
ਜਨਗਣਨਾ-2027 ਤਹਿਤ ਜ਼ਿਲ੍ਹੇ ਵਿੱਚ 16 ਨਵੰਬਰ ਤੋਂ ਆਨਲਾਈਨ ਸਵੈ-ਗਣਨਾ ਸ਼ੁਰੂ ਹੋ ਚੁੱਕੀ ਹੈ। ਜ਼ਿਲ੍ਹਾ ਵਾਸੀ 30 ਨਵੰਬਰ ਤੱਕ ਘਰ ਬੈਠੇ ਆਪਣੇ ਪਰਿਵਾਰ ਅਤੇ ਰਿਹਾਇਸ਼ ਸਬੰਧੀ ਜਾਣਕਾਰੀ ਸਰਕਾਰੀ ਪੋਰਟਲ ‘ਤੇ ਦਰਜ ਕਰ ਸਕਦੇ ਹਨ।
ਇਹ ਜਾਣਕਾਰੀ ਦਿੰਦਿਆਂ ਪ੍ਰਮੁੱਖ ਜਨਗਣਨਾ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਰਾਜ ਐਸ. ਤਿੜਕੇ ਨੇ ਲੋਕਾਂ ਨੂੰ ਇਸ ਡਿਜੀਟਲ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਸਹੀ ਅੰਕੜੇ ਸਿੱਖਿਆ, ਸਿਹਤ, ਸੜਕਾਂ, ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਬਿਹਤਰ ਯੋਜਨਾਬੰਦੀ ਦਾ ਆਧਾਰ ਬਣਦੇ ਹਨ।
ਅੱਠ ਸੌਖੇ ਪੜਾਵਾਂ ਰਾਹੀਂ ਇੰਝ ਕਰੋ ਸਵੈ-ਗਣਨਾ
ਸਰਕਾਰੀ ਪੋਰਟਲ ਖੋਲ੍ਹੋ: https://se.census.gov.in ‘ਤੇ ਜਾ ਕੇ ਸਵੈ-ਗਣਨਾ ਚੁਣੋ, ਸੂਬਾ ਪੰਜਾਬ ਚੁਣ ਕੇ ਸੁਰੱਖਿਆ ਕੋਡ ਭਰੋ।
2. ਪਰਿਵਾਰ ਦੀ ਰਜਿਸਟ੍ਰੇਸ਼ਨ: ਪਰਿਵਾਰ ਦੇ ਮੁਖੀ ਦਾ ਨਾਮ, ਇੱਕ ਮੋਬਾਈਲ ਨੰਬਰ ਅਤੇ ਇੱਛਾ ਅਨੁਸਾਰ ਈ-ਮੇਲ ਦਰਜ ਕਰੋ।
3. ਮੋਬਾਈਲ ਦੀ ਤਸਦੀਕ: ਪ੍ਰਾਪਤ ਓ.ਟੀ.ਪੀ. ਭਰੋ ਅਤੇ ਉਪਲਬਧ ਵਿਕਲਪਾਂ ਵਿੱਚੋਂ ਆਪਣੀ ਪਸੰਦ ਦੀ ਭਾਸ਼ਾ ਚੁਣੋ।
4. ਇਲਾਕੇ ਦੀ ਜਾਣਕਾਰੀ: ਆਪਣਾ ਜ਼ਿਲ੍ਹਾ, ਰਿਹਾਇਸ਼ੀ ਇਲਾਕਾ ਅਤੇ ਨੇੜਲੇ ਪ੍ਰਮੁੱਖ ਸਥਾਨ ਦਾ ਵੇਰਵਾ ਭਰੋ।
5. ਘਰ ਦੀ ਸਥਿਤੀ: ਡਿਜੀਟਲ ਨਕਸ਼ੇ ‘ਤੇ ਆਪਣੇ ਘਰ ਦੀ ਸਹੀ ਸਥਿਤੀ ਨਿਸ਼ਾਨਬੱਧ ਕਰੋ।
6. ਪਰਿਵਾਰਕ ਵੇਰਵੇ: ਸਾਰੇ ਮੈਂਬਰਾਂ ਦੀ ਜਾਣਕਾਰੀ ਅਤੇ ਪੋਰਟਲ ‘ਤੇ ਪੁੱਛੇ ਸਵਾਲਾਂ ਦੇ ਸਹੀ ਜਵਾਬ ਦਰਜ ਕਰੋ।
7. ਜਾਣਕਾਰੀ ਦੀ ਜਾਂਚ: ਮੈਂਬਰਾਂ ਦੀ ਗਿਣਤੀ, ਨਾਵਾਂ ਅਤੇ ਹੋਰ ਵੇਰਵਿਆਂ ਦੀ ਮੁੜ ਜਾਂਚ ਕਰਕੇ ਗਲਤੀਆਂ ਸੁਧਾਰੋ।
8. ਫਾਰਮ ਜਮ੍ਹਾਂ ਕਰਵਾਓ: ਜਾਣਕਾਰੀ ਦੀ ਪੁਸ਼ਟੀ ਉਪਰੰਤ ਫਾਰਮ ਜਮ੍ਹਾਂ ਕਰੋ ਅਤੇ ਪ੍ਰਾਪਤ ਸਵੈ-ਗਣਨਾ ਪਛਾਣ ਸੰਖਿਆ (SE ID) ਸੰਭਾਲੋ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਗਣਨਾਕਾਰ ਘਰ-ਘਰ ਜਾ ਕੇ ਜਾਣਕਾਰੀ ਦੀ ਤਸਦੀਕ ਕਰਨਗੇ। ਸਵੈ-ਗਣਨਾ ਕਰ ਚੁੱਕੇ ਪਰਿਵਾਰ ਆਪਣੀ SE ID ਗਣਨਾਕਾਰ ਨੂੰ ਦਿਖਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਕੱਤਰ ਜਾਣਕਾਰੀ ਗੁਪਤ ਰੱਖੀ ਜਾਵੇਗੀ ਅਤੇ ਕੇਵਲ ਅੰਕੜਾ-ਸਬੰਧੀ ਉਦੇਸ਼ਾਂ ਲਈ ਵਰਤੀ ਜਾਵੇਗੀ। ਸਵੈ-ਗਣਨਾ ਲਈ ਕਿਸੇ ਏਜੰਟ ਦੀ ਲੋੜ ਨਹੀਂ। ਨਾਗਰਿਕ ਸਿਰਫ਼ ਅਧਿਕਾਰਤ ਪੋਰਟਲ ਵਰਤਣ ਅਤੇ ਓ.ਟੀ.ਪੀ. ਕਿਸੇ ਅਣਅਧਿਕਾਰਤ ਵਿਅਕਤੀ ਨਾਲ ਸਾਂਝਾ ਨਾ ਕਰਨ।
ਉਨ੍ਹਾਂ ਦੱਸਿਆ ਕਿ ਸਹਾਇਤਾ ਲਈ ਟੋਲ-ਫ੍ਰੀ ਹੈਲਪਲਾਈਨ 1855 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ 30 ਨਵੰਬਰ ਤੋਂ ਪਹਿਲਾਂ ਸਵੈ-ਗਣਨਾ ਮੁਕੰਮਲ ਕਰਕੇ ਇਸ ਮਹੱਤਵਪੂਰਨ ਰਾਸ਼ਟਰੀ ਕਾਰਜ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇਕਰ ਸਵੈ ਗਣਨਾ ਕਰਦੇ ਸਮੇਂ ਲੋਕੇਸ਼ਨ ਸਹੀ ਨਹੀਂ ਭਰੀ ਜਾਂਦੀ ਤਾਂ ਭਰਿਆ ਹੋਇਆ ਸਾਰਾ ਡਾਟਾ ਗਿਣਤੀਕਾਰ ਨੂੰ ਦਿਖਾਈ ਨਹੀਂ ਦੇਵੇਗਾ। ਇਸ ਲੋਕੇਸ਼ਨ ਆਪਣੇ ਘਰ ਦੀ ਸਹੀ ਭਰੀ ਜਾਵੇ। ਇਸ ਮੌਕੇ ਐਸ.ਡੀ.ਐਮ.ਅਹਿਮਦਗੜ੍ਹ ਹਰਸ਼ਿਤਾ ਸ਼ਰਮਾ,ਐਸ.ਡੀ.ਐਮ.ਮਾਲੇਰਕੋਟਲਾ ਕਨੂ ਗਰਗ ਅਤੇ ਡੀ.ਆਈ.ਓ ਸਾਈਨ ਵੀ ਮੌਜੂਦ ਸਨ ।



