· ਸ਼ਹਿਰ ਦੇ ਪ੍ਰਮੁੱਖ ਰਸਤਿਆਂ ਤੇ ਜਨਤਕ ਸਥਾਨਾਂ ਦੀ ਕਰਵਾਈ ਸਫਾਈ, ਚੂਨਾ-ਕਲੀ ਵੀ ਪਵਾਈ
ਮਾਲੇਰਕੋਟਲਾ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘10 ਦਿਨਾਂ ਮਹਾਂ ਸਫਾਈ ਅਭਿਆਨ’ ਤਹਿਤ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਅੱਜ ਅਭਿਆਨ ਦੇ 8ਵੇਂ ਦਿਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ। ਇਸ ਤਹਿਤ ਸ਼੍ਰੀ ਗੁਰਦੁਆਰਾ ਹਾ-ਦਾ-ਨਾਹਰਾ ਤੋਂ ਕਚਹਿਰੀ ਰੋਡ ਤੱਕ ਸੜਕਾਂ ਅਤੇ ਆਸ-ਪਾਸ ਦੇ ਜਨਤਕ ਸਥਾਨਾਂ ਦੀ ਵਿਸ਼ੇਸ਼ ਤੌਰ ’ਤੇ ਸਫਾਈ ਕਰਵਾਈ ਗਈ।
ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ ਵਧਵਾ ਨੇ ਦੱਸਿਆ ਕਿ ਸਫਾਈ ਕਾਰਜਾਂ ਦੌਰਾਨ ਸੜਕਾਂ, ਜਨਤਕ ਥਾਵਾਂ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚੋਂ ਕੂੜਾ-ਕਰਕਟ ਹਟਾਉਣ ਦੇ ਨਾਲ-ਨਾਲ ਚੂਨਾ-ਕਲੀ ਵੀ ਪਵਾਈ ਗਈ, ਤਾਂ ਜੋ ਸ਼ਹਿਰ ਦੀ ਸਾਫ-ਸੁਥਰੀ ਅਤੇ ਸੁੰਦਰ ਦਿੱਖ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ ਅਤੇ ਆਲੇ ਦੁਆਲੇ ਦੀ ਸਫਾਈ ਨੂੰ ਯਕੀਨੀ ਬਣਾਉਣ ਅਤੇ ਗਿੱਲੇ ਤੇ ਸੁੱਕੇ ਕੂੜੇ ਸਮੇਤ ਕੂੜੇ ਦੀ ਸਹੀ ਤਰੀਕੇ ਨਾਲ ਛਾਂਟੀ ਕਰਨ। ਲੋਕਾਂ ਨੂੰ ਘਰਾਂ ਅਤੇ ਵਪਾਰਕ ਅਦਾਰਿਆਂ ਵਿੱਚ ਚਾਰ ਪ੍ਰਕਾਰ ਦੇ ਡਸਟਬਿਨ ਰੱਖਣ ਅਤੇ ਕੂੜਾ ਨਿਰਧਾਰਤ ਥਾਵਾਂ ’ਤੇ ਹੀ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ ਦੀ ਟੀਮ ਨੇ ਵੀ ਸਫਾਈ ਮੁਹਿੰਮ ਵਿੱਚ ਸਰਗਰਮੀ ਨਾਲ ਭਾਗ ਲਿਆ। ਉਨ੍ਹਾਂ ਅਪੀਲ ਕੀਤੀ ਕਿ ਸਾਫ-ਸੁਥਰਾ ਸ਼ਹਿਰ ਬਣਾਉਣ ਲਈ ਸਰਕਾਰੀ ਉਪਰਾਲਿਆਂ ਦੇ ਨਾਲ ਨਾਲ ਲੋਕਾਂ ਦੀ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ।






