Thursday, July 16, 2026
Home Uncategorized ਜਲਵਾਯੂ ਪਰਿਵਰਤਨ ਨਾਲ ਧਰਤੀ ਦੀ ਗਤੀ ‘ਚ ਬਦਲਾਅ

ਜਲਵਾਯੂ ਪਰਿਵਰਤਨ ਨਾਲ ਧਰਤੀ ਦੀ ਗਤੀ ‘ਚ ਬਦਲਾਅ

0
32

ਔਕਲੈਂਡ : ਜਲਵਾਯੂ ਪਰਿਵਰਤਨ ਹੁਣ ਸਿਰਫ਼ ਮੌਸਮ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਹ ਧਰਤੀ ਦੀ ਘੁੰਮਣ ਦੀ ਰਫ਼ਤਾਰ ‘ਤੇ ਵੀ ਅਸਰ ਪਾ ਰਿਹਾ ਹੈ। ਵਿਗਿਆਨੀਆਂ ਦੇ ਅਧਿਐਨ ਅਨੁਸਾਰ ਧਰਤੀ ਹੌਲੀ-ਹੌਲੀ ਆਪਣੀ ਗਤੀ ਘਟਾ ਰਹੀ ਹੈ। ਇਹ ਗੱਲ ਪ੍ਰਮਾਣੂ ਘੜੀਆਂ ਅਤੇ ਧਰਤੀ ਦੀ ਅਸਲੀ ਰੋਟੇਸ਼ਨ ਦੀ ਤੁਲਨਾ ਕਰਨ ਨਾਲ ਸਾਹਮਣੇ ਆਈ ਹੈ, ਜਿੱਥੇ ਦੋਹਾਂ ਵਿੱਚ ਛੋਟਾ ਜਿਹਾ ਫਰਕ ਮਿਲਦਾ ਹੈ, ਜਿਸਨੂੰ ਠੀਕ ਕਰਨ ਲਈ ਕਈ ਵਾਰ “ਲੀਪ ਸੈਕਿੰਡ” ਵੀ ਜੋੜਨਾ ਪੈਂਦਾ ਹੈ।

ਇਸ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਧਰੁਵਾਂ ‘ਤੇ ਪਿਘਲ ਰਹੀ ਬਰਫ਼ ਨੂੰ ਮੰਨਿਆ ਜਾ ਰਿਹਾ ਹੈ। ਜਦੋਂ ਬਰਫ਼ ਪਿਘਲ ਕੇ ਸਮੁੰਦਰਾਂ ਵਿੱਚ ਮਿਲਦੀ ਹੈ, ਤਾਂ ਪਾਣੀ ਭੂ-ਮੱਧ ਰੇਖਾ ਵੱਲ ਫੈਲ ਜਾਂਦਾ ਹੈ, ਜਿਸ ਨਾਲ ਧਰਤੀ ਦੇ ਭਾਰ ਦੀ ਵੰਡ ਬਦਲ ਜਾਂਦੀ ਹੈ। ਇਸ ਪ੍ਰਕਿਰਿਆ ਨਾਲ ਧਰਤੀ ਦੀ ਜੜ੍ਹਤਾ ਵੱਧਦੀ ਹੈ ਅਤੇ ਇਸ ਦੀ ਘੁੰਮਣ ਦੀ ਗਤੀ ਹੌਲੀ ਹੋ ਜਾਂਦੀ ਹੈ। ਇਸਨੂੰ ਸਧਾਰਨ ਤਰੀਕੇ ਨਾਲ ਸਮਝਣ ਲਈ ਇੱਕ ਫਿਗਰ ਸਕੇਟਰ ਦੀ ਉਦਾਹਰਨ ਲਈ ਜਾ ਸਕਦੀ ਹੈ, ਜਦੋਂ ਉਹ ਆਪਣੀਆਂ ਬਾਹਾਂ ਫੈਲਾਉਂਦਾ ਹੈ ਤਾਂ ਉਸਦੀ ਗਤੀ ਘੱਟ ਹੋ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਧਰਤੀ ਵੀ ਹੁਣ ਹੌਲੀ ਹੋ ਰਹੀ ਹੈ।

ਵਿਗਿਆਨੀਆਂ ਮੁਤਾਬਕ ਇਸ ਪ੍ਰਭਾਵ ਕਾਰਨ ਦਿਨ ਦੀ ਲੰਬਾਈ ਹਰ ਸਦੀ ਵਿੱਚ ਲਗਭਗ 1.33 ਮਿਲੀਸੈਕਿੰਡ ਵਧ ਰਹੀ ਹੈ। ਭਾਵੇਂ ਇਹ ਫਰਕ ਬਹੁਤ ਛੋਟਾ ਲੱਗਦਾ ਹੈ, ਪਰ ਲੰਬੇ ਸਮੇਂ ਵਿੱਚ ਇਹ ਮਹੱਤਵਪੂਰਨ ਹੋ ਜਾਂਦਾ ਹੈ। ਪਹਿਲਾਂ ਧਰਤੀ ਦੀ ਗਤੀ ‘ਤੇ ਸਭ ਤੋਂ ਵੱਡਾ ਅਸਰ ਚੰਦਰਮਾ ਦੀ ਗੁਰੂਤਾ ਸ਼ਕਤੀ ਦਾ ਹੁੰਦਾ ਸੀ, ਪਰ ਹੁਣ ਜਲਵਾਯੂ ਪਰਿਵਰਤਨ ਇਸ ਤੋਂ ਵੀ ਵੱਧ ਪ੍ਰਭਾਵਸ਼ਾਲੀ ਹੋ ਰਿਹਾ ਹੈ।

ਇਸ ਬਦਲਾਅ ਦਾ ਅਸਰ ਆਧੁਨਿਕ ਤਕਨਾਲੋਜੀ ‘ਤੇ ਵੀ ਪੈ ਸਕਦਾ ਹੈ, ਕਿਉਂਕਿ GPS ਅਤੇ ਸੈਟੇਲਾਈਟ ਸਿਸਟਮ ਬਹੁਤ ਸਹੀ ਸਮੇਂ ‘ਤੇ ਨਿਰਭਰ ਕਰਦੇ ਹਨ। ਕੁਝ ਮਿਲੀਸੈਕਿੰਡ ਦਾ ਫਰਕ ਵੀ ਸਮੇਂ ਦੇ ਨਾਲ ਵੱਡੀਆਂ ਗਲਤੀਆਂ ਪੈਦਾ ਕਰ ਸਕਦਾ ਹੈ। ਵਿਗਿਆਨੀਆਂ ਨੇ 36 ਲੱਖ ਸਾਲਾਂ ਦੇ ਡਾਟਾ ਦਾ ਅਧਿਐਨ ਕਰਕੇ ਇਹ ਨਤੀਜਾ ਕੱਢਿਆ ਹੈ ਕਿ ਮੌਜੂਦਾ ਬਦਲਾਅ ਬਹੁਤ ਤੇਜ਼ ਹੈ ਅਤੇ ਪਿਛਲੇ ਲੱਖਾਂ ਸਾਲਾਂ ਵਿੱਚ ਇਸ ਤਰ੍ਹਾਂ ਦੀ ਸੁਸਤੀ ਪਹਿਲਾਂ ਕਦੇ ਨਹੀਂ ਦੇਖੀ ਗਈ।

LEAVE A REPLY

Please enter your comment!
Please enter your name here