Tuesday, July 14, 2026
Home Haryana News ਬਦਲੇ ਸੁਰ, ਮਿਲੇ ਤਾਲ: SYL ਮਾਮਲੇ ‘ਤੇ ਪੰਜਾਬ–ਹਰਿਆਣਾ ਦੇ ਮੁੱਖ ਮੰਤਰੀ ਦੋਸਤਾਨਾ...

ਬਦਲੇ ਸੁਰ, ਮਿਲੇ ਤਾਲ: SYL ਮਾਮਲੇ ‘ਤੇ ਪੰਜਾਬ–ਹਰਿਆਣਾ ਦੇ ਮੁੱਖ ਮੰਤਰੀ ਦੋਸਤਾਨਾ ਮਿਜ਼ਾਜ਼ ਵਿੱਚ

0
54

ਸਤਲੁਜ–ਯਮੁਨਾ ਲਿੰਕ (SYL) ਨਹਿਰ ਮਾਮਲੇ ‘ਤੇ ਅੱਜ ਹੋਈ ਛੇਵੀਂ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸੁਰ ਪਿਛਲੀਆਂ ਮੀਟਿੰਗਾਂ ਨਾਲੋਂ ਕਾਫ਼ੀ ਬਦਲੇ ਹੋਏ ਨਜ਼ਰ ਆਏ। ਇੱਕ-ਦੂਜੇ ‘ਤੇ ਸਿਆਸੀ ਤੀਰ ਚਲਾਉਣ ਵਾਲੇ ਦੋਵੇਂ ਮੁੱਖ ਮੰਤਰੀ ਅੱਜ ਮਿਲੇ-ਜੁਲੇ ਸੁਰਾਂ ਅਤੇ ਦੋਸਤਾਨਾ ਤਾਲ ਵਿੱਚ ਦਿਖਾਈ ਦਿੱਤੇ।

ਮੀਟਿੰਗ ਦੋਸਤਾਨਾ ਮਾਹੌਲ ਵਿੱਚ ਹੋਈ। ਮੀਟਿੰਗ ਤੋਂ ਪਹਿਲਾਂ ਦੋਵੇਂ ਮੁੱਖ ਮੰਤਰੀ ਸਵੇਰ ਦੇ ਨਾਸ਼ਤੇ ‘ਤੇ ਇਕੱਠੇ ਮਿਲੇ ਅਤੇ ਪਹਿਲੀ ਵਾਰ ਸਾਂਝੀ ਪ੍ਰੈੱਸ ਕਾਨਫਰੰਸ ਵੀ ਕੀਤੀ। ਮੀਟਿੰਗ ਦੌਰਾਨ ਦੋਹਾਂ ਨੇ ਯਾਦਗਾਰੀ ਤੋਹਫ਼ੇ ਸਾਂਝੇ ਕੀਤੇ ਅਤੇ ਆਪਣੇ-ਆਪਣੇ ਅਧਿਕਾਰੀਆਂ ਦੀ ਜਾਣ-ਪਛਾਣ ਕਰਵਾਈ।

ਪਿਛਲੀਆਂ ਪੰਜ ਮੀਟਿੰਗਾਂ ਵਿੱਚ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਆਪਣੇ-ਆਪਣੇ ਰਾਜਾਂ ਦੇ ਹਿੱਤਾਂ ਨੂੰ ਸਖ਼ਤੀ ਨਾਲ ਪੇਸ਼ ਕਰਦੇ ਰਹੇ ਸਨ। ਪਾਣੀ ਦੀ ਇੱਕ ਬੂੰਦ ਨਾ ਦੇਣ, ਨਹਿਰ ਦੀ ਉਸਾਰੀ ਅਤੇ ਹਰਿਆਣਾ ਵੱਲੋਂ ਯਮੁਨਾ ਦੇ ਪਾਣੀ ਵਿੱਚ ਹਿੱਸੇ ਦੀ ਮੰਗ ਵਰਗੇ ਮੁੱਦੇ ਹਮੇਸ਼ਾ ਤਿੱਖੇ ਰਹੇ। ਅੱਜ ਦੇ ਬਦਲੇ ਮਾਹੌਲ ਨੇ ਅਧਿਕਾਰੀਆਂ ਨੂੰ ਵੀ ਹੈਰਾਨ ਕੀਤਾ।

ਮੀਟਿੰਗ ਦੌਰਾਨ ਦੋਵੇਂ ਮੁੱਖ ਮੰਤਰੀਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੋਹਾਂ ਸੂਬਿਆਂ ਵਿਚਕਾਰ ਮਾਹੌਲ ਖ਼ਰਾਬ ਨਾ ਹੋਵੇ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਪਰਛਾਵਾਂ ਇਸ ਮੀਟਿੰਗ ‘ਤੇ ਸਾਫ਼ ਨਜ਼ਰ ਆਇਆ। ਭਾਜਪਾ ਪੰਜਾਬ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ SYL ਵਰਗੇ ਭਾਵੁਕ ਮੁੱਦੇ ਨੂੰ ਫਿਲਹਾਲ ਗਰਮਾਉਣਾ ਨਹੀਂ ਚਾਹੁੰਦੀ।

ਭਾਜਪਾ ਦੀ ਕੇਂਦਰੀ ਲੀਡਰਸ਼ਿਪ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੇ ਮੁੱਦੇ ‘ਤੇ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਇਸੇ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫਰੀਦਾਬਾਦ ਵਿੱਚ ਹੋਈ ਉੱਤਰੀ ਜੋਨਲ ਕੌਂਸਲ ਦੀ ਮੀਟਿੰਗ ਦੌਰਾਨ ਪਾਣੀਆਂ ਨਾਲ ਜੁੜੇ ਸਾਰੇ ਮੁੱਦੇ ਮੁਲਤਵੀ ਕਰ ਦਿੱਤੇ ਸਨ।

ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂਆਂ ਦੀਆਂ ਸਿੱਖਿਆਵਾਂ ਨੇ ਗੱਲਬਾਤ ਲਈ ਸਹੀ ਦਿਸ਼ਾ ਦਿੱਤੀ ਅਤੇ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ।

ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਭਾਈ ਘਣ੍ਹਈਆ ਜੀ ਦੇ ਵਾਰਸ ਹਨ ਅਤੇ ਹਰਿਆਣਾ ਕੋਈ ਦੁਸ਼ਮਣ ਨਹੀਂ, ਸਗੋਂ ਭਰਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ 1966 ਵਿੱਚ ਵੱਖ ਹੋਇਆ ਸੀ ਪਰ ਅਜੇ ਵੀ ਛੋਟਾ ਭਰਾ ਹੈ। ਪ੍ਰੈੱਸ ਕਾਨਫਰੰਸ ਦੇ ਅੰਤ ‘ਤੇ ਮਾਨ ਨੇ ਸਪਸ਼ਟ ਕੀਤਾ ਕਿ ਅੱਜ ਕੋਈ “ਬ੍ਰੇਕਿੰਗ” ਐਲਾਨ ਨਹੀਂ ਕੀਤਾ ਜਾਵੇਗਾ।

ਸਿਆਸੀ ਮਾਹਿਰਾਂ ਅਨੁਸਾਰ SYL ਮਾਮਲਾ ਇਸ ਵੇਲੇ ਸੁਪਰੀਮ ਕੋਰਟ ਵਿੱਚ ਵਿਚਾਰਧੀਨ ਹੈ ਅਤੇ ਅਦਾਲਤ ਵੱਲੋਂ ਦੋਹਾਂ ਸੂਬਿਆਂ ਨੂੰ ਗੱਲਬਾਤ ਰਾਹੀਂ ਹੱਲ ਕੱਢਣ ਦੇ ਨਿਰਦੇਸ਼ ਦਿੱਤੇ ਹੋਏ ਹਨ।

SYL ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਈ ਘਣ੍ਹਈਆ ਜੀ ਦਾ ਹਵਾਲਾ ਦੇਣ ‘ਤੇ ਸਿਆਸਤ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਦੀ ਉਦਾਹਰਨ ਦੇ ਕੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਹੋਰ ਰਾਜਾਂ ਨੂੰ ਦੇਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ SYL ਵਰਗੇ ਸੰਵੇਦਨਸ਼ੀਲ ਮਸਲੇ ‘ਤੇ ਰਿਪੇਰੀਅਨ ਸਿਧਾਂਤ ਦੀ ਬਜਾਏ ਭਾਈ ਘਣ੍ਹਈਆ ਜੀ ਦੀ ਉਦਾਹਰਨ ਦੇਣਾ ਸਰਕਾਰ ਦੀ ਨੀਅਤ ‘ਤੇ ਸਵਾਲ ਖੜੇ ਕਰਦਾ ਹੈ।

ਇੰਡੀਅਨ ਨੈਸ਼ਨਲ ਲੋਕਦਲ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਦੋਸ਼ ਲਗਾਇਆ ਕਿ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਲਈ ਇਹ ਮੀਟਿੰਗ ਕੀਤੀ ਗਈ।

LEAVE A REPLY

Please enter your comment!
Please enter your name here