ਸੋਸ਼ਲ ਮੀਡੀਆ ਦੇ ਦੌਰ ਵਿੱਚ ਤਿੰਨ ਨੌਜਵਾਨਾਂ ਨੇ ਭਾਰਤ ਦੇ ਸਭ ਤੋਂ ਵੱਡੇ ਸਿੱਖਿਆ ਬੋਰਡ CBSE ਦੀ ਨਵੀਂ ਮੁਲਾਂਕਣ ਪ੍ਰਣਾਲੀ ਨੂੰ ਲੈ ਕੇ ਅਜਿਹੇ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਨੇ ਦੇਸ਼ ਭਰ ਵਿੱਚ ਚਰਚਾ ਛੇੜ ਦਿੱਤੀ ਹੈ। ਇਹ ਮਾਮਲਾ ਸਿਰਫ਼ ਇੱਕ ਵਿਦਿਆਰਥੀ ਦੇ ਨਤੀਜੇ ਤੱਕ ਸੀਮਿਤ ਨਹੀਂ ਰਿਹਾ, ਸਗੋਂ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਡਿਜ਼ੀਟਲ ਸੁਰੱਖਿਆ ਅਤੇ ਜਵਾਬਦੇਹੀ ਵਰਗੇ ਮੁੱਦਿਆਂ ਨੂੰ ਕੇਂਦਰ ਵਿੱਚ ਲਿਆ ਆਇਆ ਹੈ।
ਵਿਵਾਦ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ 12ਵੀਂ ਜਮਾਤ ਦੇ ਵਿਦਿਆਰਥੀ ਵੇਦਾਂਤ ਸ਼੍ਰੀਵਾਸਤਵ ਨੇ ਦਾਅਵਾ ਕੀਤਾ ਕਿ ਅੰਕਾਂ ਦੀ ਜਾਂਚ ਲਈ ਮੰਗੀ ਗਈ ਉੱਤਰ ਪੱਤਰੀ ਦੀ ਕਾਪੀ ਉਸਦੀ ਆਪਣੀ ਨਹੀਂ ਸੀ। ਉਸ ਵੱਲੋਂ ਇਹ ਮਾਮਲਾ ਜਨਤਕ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੱਡੀ ਚਰਚਾ ਛਿੜ ਗਈ ਅਤੇ ਬੋਰਡ ਦੀ ਮੁਲਾਂਕਣ ਪ੍ਰਕਿਰਿਆ ਉੱਤੇ ਸਵਾਲ ਉੱਠਣ ਲੱਗੇ।
ਇਸ ਤੋਂ ਬਾਅਦ 17 ਸਾਲਾ ਸਾਰਥਕ ਸਿਧਾਂਤ ਨੇ CBSE ਦੀ On-Screen Marking (OSM) ਪ੍ਰਣਾਲੀ ਨਾਲ ਜੁੜੇ ਟੈਂਡਰ ਅਤੇ ਤਕਨੀਕੀ ਪ੍ਰਬੰਧਾਂ ਦੀ ਜਾਂਚ ਕਰਕੇ ਕਈ ਅਹਿਮ ਜਾਣਕਾਰੀਆਂ ਸਾਹਮਣੇ ਰੱਖੀਆਂ। ਉਸ ਦੀ ਖੋਜ ਨੇ ਇਹ ਸਵਾਲ ਖੜ੍ਹਾ ਕੀਤਾ ਕਿ ਲੱਖਾਂ ਉੱਤਰ ਪੱਤਰੀਆਂ ਦੀ ਜਾਂਚ ਲਈ ਵਰਤੀ ਜਾ ਰਹੀ ਤਕਨੀਕ ਦੀ ਚੋਣ ਕਿਵੇਂ ਕੀਤੀ ਗਈ।
ਤੀਜੇ ਨੌਜਵਾਨ ਨਿਸਰਗ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਸ ਨੇ OSM ਪੋਰਟਲ ਵਿੱਚ ਸੁਰੱਖਿਆ ਨਾਲ ਸੰਬੰਧਿਤ ਕਮਜ਼ੋਰੀਆਂ ਦੀ ਪਛਾਣ ਕੀਤੀ। ਉਸ ਦਾ ਕਹਿਣਾ ਸੀ ਕਿ ਇਹ ਜਾਣਕਾਰੀ ਸਾਹਮਣੇ ਲਿਆਉਣ ਦਾ ਮਕਸਦ ਪ੍ਰਣਾਲੀ ਨੂੰ ਹੋਰ ਸੁਰੱਖਿਅਤ ਬਣਾਉਣ ਵੱਲ ਧਿਆਨ ਦਿਵਾਉਣਾ ਸੀ।
CBSE ਨੇ ਇਨ੍ਹਾਂ ਦਾਵਿਆਂ ‘ਤੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਨਵੀਂ OSM ਪ੍ਰਣਾਲੀ ਦਾ ਉਦੇਸ਼ ਮੁਲਾਂਕਣ ਪ੍ਰਕਿਰਿਆ ਨੂੰ ਹੋਰ ਤੇਜ਼, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ। ਬੋਰਡ ਨੇ ਕਈ ਇਲਜ਼ਾਮਾਂ ਦਾ ਜਵਾਬ ਵੀ ਦਿੱਤਾ ਅਤੇ ਪ੍ਰਣਾਲੀ ਦੀ ਭਰੋਸੇਯੋਗਤਾ ਦਾ ਬਚਾਅ ਕੀਤਾ।
ਇਸ ਘਟਨਾ ਨੇ ਇਹ ਦਰਸਾਇਆ ਹੈ ਕਿ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਵਿਦਿਆਰਥੀ ਸਿਰਫ਼ ਪ੍ਰੀਖਿਆਵਾਂ ਦੇਣ ਤੱਕ ਸੀਮਿਤ ਨਹੀਂ ਰਹੇ, ਸਗੋਂ ਉਹ ਸਿੱਖਿਆ ਪ੍ਰਣਾਲੀ ਦੀ ਕਾਰਗੁਜ਼ਾਰੀ ‘ਤੇ ਵੀ ਨਿਗਰਾਨੀ ਰੱਖ ਰਹੇ ਹਨ। ਤਿੰਨ ਨੌਜਵਾਨਾਂ ਵੱਲੋਂ ਉਠਾਏ ਗਏ ਸਵਾਲ ਹੁਣ ਸਿੱਖਿਆ ਖੇਤਰ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਬਾਰੇ ਰਾਸ਼ਟਰੀ ਪੱਧਰ ਦੀ ਚਰਚਾ ਦਾ ਕਾਰਨ ਬਣ ਗਏ ਹਨ









