ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਬਕਾ ਅਗਨੀਵੀਰਾਂ (Ex-Agniveers) ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਅਤੇ ਅਸਾਮ ਰਾਈਫਲਜ਼ (AR) ਵਿੱਚ ਕਾਂਸਟੇਬਲ (ਜਨਰਲ ਡਿਊਟੀ) ਅਤੇ ਰਾਈਫਲਮੈਨ ਦੀ ਭਰਤੀ ਲਈ ਨਵੀਂ ਸ਼੍ਰੇਣੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਲਿਖਤੀ ਜਵਾਬ ਰਾਹੀਂ ਦਿੱਤੀ।
ਨਵੇਂ ਨਿਯਮਾਂ ਅਨੁਸਾਰ CAPFs ਅਤੇ ਅਸਾਮ ਰਾਈਫਲਜ਼ ਵਿੱਚ ਕਾਂਸਟੇਬਲ ਅਤੇ ਰਾਈਫਲਮੈਨ ਦੀਆਂ 50 ਫ਼ੀਸਦੀ ਅਸਾਮੀਆਂ ਸਾਬਕਾ ਅਗਨੀਵੀਰਾਂ ਲਈ ਰਾਖਵੀਆਂ ਹੋਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭਰਤੀ ਲਈ ਨਿਰਧਾਰਤ ਵੱਧ ਤੋਂ ਵੱਧ ਉਮਰ ਸੀਮਾ ਵਿੱਚ 3 ਸਾਲ ਦੀ ਛੋਟ ਦਿੱਤੀ ਜਾਵੇਗੀ, ਜਦਕਿ ਅਗਨੀਵੀਰਾਂ ਦੇ ਪਹਿਲੇ ਬੈਚ ਦੇ ਉਮੀਦਵਾਰਾਂ ਲਈ ਇਹ ਛੋਟ 5 ਸਾਲ ਹੋਵੇਗੀ।
ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਸਾਬਕਾ ਅਗਨੀਵੀਰਾਂ ਨੂੰ ਸਰੀਰਕ ਮਿਆਰ ਟੈਸਟ (PST), ਸਰੀਰਕ ਕੁਸ਼ਲਤਾ ਟੈਸਟ (PET) ਅਤੇ ਲਿਖਤੀ ਪ੍ਰੀਖਿਆ ਤੋਂ ਵੀ ਛੋਟ ਮਿਲੇਗੀ। ਇਸ ਕਦਮ ਦਾ ਉਦੇਸ਼ ਅਗਨੀਪਥ ਯੋਜਨਾ ਤਹਿਤ ਸੇਵਾ ਪੂਰੀ ਕਰ ਚੁੱਕੇ ਨੌਜਵਾਨਾਂ ਨੂੰ ਸੁਰੱਖਿਆ ਬਲਾਂ ਵਿੱਚ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ।
ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਅਗਨੀਵੀਰਾਂ ਦੇ ਤਜਰਬੇ ਅਤੇ ਸਿਖਲਾਈ ਦਾ ਲਾਭ ਸੁਰੱਖਿਆ ਬਲਾਂ ਨੂੰ ਮਿਲੇਗਾ, ਨਾਲ ਹੀ ਸੇਵਾ ਮੁਕਤ ਹੋਣ ਵਾਲੇ ਨੌਜਵਾਨਾਂ ਲਈ ਸਥਾਈ ਕਰੀਅਰ ਦਾ ਰਾਹ ਵੀ ਆਸਾਨ ਹੋਵੇਗਾ।







