ਨਵੀਂ ਦਿੱਲੀ — ਉੱਘੇ ਸੰਗੀਤਕਾਰ ਏ.ਆਰ. ਰਹਿਮਾਨ ਨੇ ਐਤਵਾਰ ਨੂੰ ਇੱਕ ਵੀਡੀਓ ਸਾਂਝੀ ਕਰਦਿਆਂ ਹਾਲ ਹੀ ਵਿੱਚ ਇੱਕ ਇੰਟਰਵਿਊ ਤੋਂ ਬਾਅਦ ਪੈਦਾ ਹੋਏ ਵਿਵਾਦ ’ਤੇ ਆਪਣੀ ਸਫ਼ਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਰਾਦਿਆਂ ਨੂੰ ਗਲਤ ਸਮਝ ਲਿਆ ਜਾਂਦਾ ਹੈ, ਪਰ ਉਨ੍ਹਾਂ ਦੇ ਸ਼ਬਦਾਂ ਦਾ ਮਕਸਦ ਕਦੇ ਵੀ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਸੀ।
‘ਰੋਜਾ’, ‘ਬੌਂਬੇ’ ਅਤੇ ‘ਦਿਲ ਸੇ’ ਵਰਗੀਆਂ ਫਿਲਮਾਂ ਲਈ ਆਪਣੇ ਸਦਾਬਹਾਰ ਸੰਗੀਤ ਨਾਲ ਜਾਣੇ ਜਾਂਦੇ 59 ਸਾਲਾ ਰਹਿਮਾਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇੱਕ ਪੋਸਟ ਸਾਂਝੀ ਕੀਤੀ। ਇਸ ਵਿੱਚ ਉਨ੍ਹਾਂ ਕਿਹਾ ਕਿ ਸੰਗੀਤ ਹਮੇਸ਼ਾ ਤੋਂ ਹੀ “ਭਾਰਤ ਦੇ ਸਭਿਆਚਾਰ ਨੂੰ ਜੋੜਨ, ਜਸ਼ਨ ਮਨਾਉਣ ਅਤੇ ਸਨਮਾਨ ਕਰਨ ਦਾ ਸਾਧਨ” ਰਿਹਾ ਹੈ।
ਰਹਿਮਾਨ ਨੇ ਲਿਖਿਆ, “ਭਾਰਤ ਮੇਰੀ ਪ੍ਰੇਰਣਾ, ਮੇਰਾ ਅਧਿਆਪਕ ਅਤੇ ਮੇਰਾ ਘਰ ਹੈ। ਮੈਂ ਸਮਝਦਾ ਹਾਂ ਕਿ ਇਰਾਦਿਆਂ ਨੂੰ ਕਈ ਵਾਰ ਗਲਤ ਸਮਝਿਆ ਜਾ ਸਕਦਾ ਹੈ, ਪਰ ਮੇਰਾ ਉਦੇਸ਼ ਹਮੇਸ਼ਾ ਸੰਗੀਤ ਰਾਹੀਂ ਉਥਾਨ, ਸਨਮਾਨ ਅਤੇ ਸੇਵਾ ਕਰਨਾ ਹੀ ਰਿਹਾ ਹੈ। ਮੈਂ ਕਦੇ ਵੀ ਦੁੱਖ ਦੇਣ ਦੀ ਇੱਛਾ ਨਹੀਂ ਕੀਤੀ ਅਤੇ ਮੈਨੂੰ ਆਸ ਹੈ ਕਿ ਮੇਰੀ ਇਮਾਨਦਾਰੀ ਮਹਿਸੂਸ ਕੀਤੀ ਜਾਵੇਗੀ।”
ਉਨ੍ਹਾਂ ਅੱਗੇ ਕਿਹਾ ਕਿ ਉਹ ਭਾਰਤੀ ਹੋਣ ’ਤੇ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰਦੇ ਹਨ, ਕਿਉਂਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ ਅਤੇ ਬਹੁ-ਸਭਿਆਚਾਰਕ ਆਵਾਜ਼ਾਂ ਦਾ ਜਸ਼ਨ ਮਨਾਉਂਦਾ ਹੈ। ਉਨ੍ਹਾਂ ਨੇ ਵੇਵਜ਼ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸਾਹਮਣੇ ਪੇਸ਼ਕਾਰੀ, ਨੌਜਵਾਨ ਨਾਗਾ ਸੰਗੀਤਕਾਰਾਂ ਨਾਲ ਸਹਿਯੋਗ, ਸਨਸ਼ਾਈਨ ਆਰਕੈਸਟਰਾ ਦੀ ਮਾਰਗਦਰਸ਼ਨਾ, ‘ਸੀਕਰੇਟ ਮਾਊਂਟੇਨ’ ਅਤੇ ਭਾਰਤ ਦੇ ਪਹਿਲੇ ਬਹੁ-ਸਭਿਆਚਾਰਕ ਵਰਚੁਅਲ ਬੈਂਡ ਦੀ ਸਿਰਜਣਾ, ਨਾਲ ਹੀ ਹੰਸ ਜ਼ਿਮਰ ਨਾਲ ‘ਰਾਮਾਇਣ’ ’ਤੇ ਕੰਮ ਕਰਨ ਦਾ ਜ਼ਿਕਰ ਵੀ ਕੀਤਾ।
ਇਹ ਸਫ਼ਾਈ ਰਹਿਮਾਨ ਦੀ ਬੀ.ਬੀ.ਸੀ. ਏਸ਼ੀਅਨ ਨੈਟਵਰਕ ਨੂੰ ਦਿੱਤੀ ਇੰਟਰਵਿਊ ਤੋਂ ਕੁਝ ਦਿਨ ਬਾਅਦ ਸਾਹਮਣੇ ਆਈ ਹੈ। ਉਸ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ ਕਿ ਪਿਛਲੇ ਕੁਝ ਸਾਲਾਂ ਵਿੱਚ ਹਿੰਦੀ ਫਿਲਮ ਉਦਯੋਗ ਵਿੱਚ ਦਬਦਬੇ ਦੇ ਬਦਲਦੇ ਰੁਝਾਨਾਂ ਕਾਰਨ ਉਨ੍ਹਾਂ ਨੂੰ ਕੰਮ ਘੱਟ ਮਿਲ ਰਿਹਾ ਹੈ ਅਤੇ ਇਹ “ਫਿਰਕੂ ਚੀਜ਼ਾਂ” ਨਾਲ ਵੀ ਜੁੜਿਆ ਹੋ ਸਕਦਾ ਹੈ।







