ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਵੱਡੀ ਪਹਿਲ ਕਰਦਿਆਂ ਨਵੇਂ ਅਕਾਦਮਿਕ ਸੈਸ਼ਨ (ਅਪ੍ਰੈਲ) ਤੋਂ ਤੀਜੀ ਤੋਂ ਬਾਰ੍ਹਵੀਂ ਜਮਾਤ ਤੱਕ ਏ.ਆਈ ਸਿੱਖਿਆ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ। ਸਿੱਖਿਆ ਵਿਭਾਗ ਪਾਠ ਪੁਸਤਕਾਂ ਵਿੱਚ ਏ.ਆਈ ਨਾਲ ਸਬੰਧਤ ਵਿਸ਼ੇ ਸ਼ਾਮਲ ਕਰੇਗਾ, ਤਾਂ ਜੋ ਵਿਦਿਆਰਥੀ ਛੋਟੀ ਉਮਰ ਤੋਂ ਹੀ ਨਵੀਂ ਤਕਨਾਲੋਜੀ ਨਾਲ ਜਾਣੂ ਹੋ ਸਕਣ।
ਸਰਕਾਰ ਨੇ ਅਗਲੇ ਛੇ ਸਾਲਾਂ ਵਿੱਚ ਏ.ਆਈ ਰਾਹੀਂ 1 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਹੈ। ਇਸ ਲਈ ਵਿਸ਼ੇਸ਼ ਏ.ਆਈ ਕੋਰਸ ਸ਼ੁਰੂ ਕੀਤੇ ਜਾਣਗੇ ਅਤੇ ਉਦਯੋਗ-ਅਧਾਰਤ ਸਿਖਲਾਈ ਦਿੱਤੀ ਜਾਵੇਗੀ।
ਤਿਆਰ ਕੀਤੇ ਗਏ ਨੌਜਵਾਨਾਂ ਨੂੰ ਰਾਜ ਦੇ ਉਦਯੋਗਿਕ ਜ਼ਿਲ੍ਹਿਆਂ ਜਿਵੇਂ ਸੋਨੀਪਤ, ਗੁਰੂਗ੍ਰਾਮ, ਫਰੀਦਾਬਾਦ, ਝੱਜਰ ਅਤੇ ਹਿਸਾਰ ਵਿੱਚ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ।
ਏ.ਆਈ ਵਿਕਾਸ ਨੂੰ ਤੇਜ਼ ਕਰਨ ਲਈ ਦੋ ਸੈਂਟਰ ਆਫ਼ ਐਕਸੀਲੈਂਸ ਬਣਾਏ ਜਾਣਗੇ। ਪਹਿਲਾ ਕੇਂਦਰ ਪੰਚਕੂਲਾ ਦੇ ਉਦਯੋਗਿਕ ਖੇਤਰ ਵਿੱਚ ਸਥਾਪਤ ਹੋਵੇਗਾ, ਜਿੱਥੇ ਡੇਟਾ ਸੈਂਟਰ ਅਤੇ ਸਰਕਾਰੀ ਪ੍ਰੋਜੈਕਟ ਚਲਾਏ ਜਾਣਗੇ। ਦੂਜਾ ਕੇਂਦਰ ਗੁਰੂਗ੍ਰਾਮ ਵਿੱਚ ਬਣੇਗਾ, ਜੋ ਹੁਨਰ ਵਿਕਾਸ ਅਤੇ ਉਦਯੋਗਿਕ ਸੰਪਰਕ ‘ਤੇ ਕੇਂਦ੍ਰਿਤ ਹੋਵੇਗਾ।
ਇਸ ਪ੍ਰੋਜੈਕਟ ‘ਤੇ ਕੁੱਲ 474 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸਰਕਾਰ ਦਾ ਮੰਨਣਾ ਹੈ ਕਿ ਇਹ ਕਦਮ ਹਰਿਆਣਾ ਨੂੰ ਤਕਨਾਲੋਜੀ ਖੇਤਰ ਵਿੱਚ ਨਵੀਂ ਪਛਾਣ ਦੇਵੇਗਾ ਅਤੇ ਨੌਜਵਾਨਾਂ ਲਈ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ।






