ਅਮਰਾਵਤੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਵਿਜ਼ਿਆਨਗਰਮ ਜ਼ਿਲ੍ਹੇ ਦੇ ਭੋਗਪੁਰਮ ਵਿੱਚ ਨਵੇਂ ਬਣੇ ਅਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਲਗਭਗ 4,727 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਹਵਾਈ ਅੱਡਾ ਸਿਰਫ਼ 31 ਮਹੀਨਿਆਂ ਵਿੱਚ ਤਿਆਰ ਕੀਤਾ ਗਿਆ ਹੈ।
ਹਵਾਈ ਅੱਡਾ ਪਹਿਲੇ ਪੜਾਅ ਵਿੱਚ ਹਰ ਸਾਲ 60 ਲੱਖ ਯਾਤਰੀਆਂ ਨੂੰ ਸੰਭਾਲਣ ਦੇ ਯੋਗ ਹੋਵੇਗਾ। ਇਸ ਨੂੰ ਤਿੰਨ ਪੜਾਵਾਂ ਵਿੱਚ ਵਿਕਸਤ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਇਸ ਦੀ ਸਮਰੱਥਾ ਵਧਾ ਕੇ 4 ਕਰੋੜ ਯਾਤਰੀ ਪ੍ਰਤੀ ਸਾਲ ਤੱਕ ਕੀਤੀ ਜਾ ਸਕੇਗੀ। ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਕਿਹਾ ਕਿ ਇਹ ਹਵਾਈ ਅੱਡਾ ਉੱਤਰੀ ਆਂਧਰਾ ਦੇ ਵਿਕਾਸ ਲਈ ਇੱਕ ਇਤਿਹਾਸਕ ਕਦਮ ਹੈ ਅਤੇ ਰਾਜ ਦੇ ਹਵਾਬਾਜ਼ੀ ਖੇਤਰ ਨੂੰ ਨਵੀਂ ਦਿਸ਼ਾ ਦੇਵੇਗਾ।
ਉਦਘਾਟਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਟਰਮੀਨਲ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਰਾਜਪਾਲ ਐਸ. ਅਬਦੁਲ ਨਜ਼ੀਰ ਅਤੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨਾਲ ਹਵਾਈ ਅੱਡੇ ਦੇ ਕੰਪਲੈਕਸ ਦਾ ਮੁਆਇਨਾ ਕੀਤਾ। ਇਸ ਤੋਂ ਬਾਅਦ ਉਹ ਖੁੱਲ੍ਹੇ ਵਾਹਨ ਰਾਹੀਂ ਜਨ ਸਭਾ ਸਥਾਨ ਪਹੁੰਚੇ, ਜਿੱਥੇ 13,500 ਤੋਂ ਵੱਧ ਆਦਿਵਾਸੀ ਔਰਤਾਂ ਅਤੇ ਵਿਦਿਆਰਥੀਆਂ ਨੇ ਰਵਾਇਤੀ ਧੀਮਸਾ ਨਾਚ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਜਨ ਸਭਾ ਨੂੰ ਵੀ ਸੰਬੋਧਨ ਕੀਤਾ।
ਭੋਗਪੁਰਮ ਅੰਤਰਰਾਸ਼ਟਰੀ ਹਵਾਈ ਅੱਡਾ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇੱਥੇ 3,800 ਮੀਟਰ ਲੰਬਾ ਕੋਡ 4E ਰਨਵੇ, ਏਕੀਕ੍ਰਿਤ ਯਾਤਰੀ ਟਰਮੀਨਲ, ਕਾਰਗੋ ਸੁਵਿਧਾਵਾਂ ਅਤੇ ਆਧੁਨਿਕ ਏਅਰਸਾਈਡ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ, ਜਿਸ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਉਡਾਣਾਂ ਦਾ ਸੰਚਾਲਨ ਕੀਤਾ ਜਾ ਸਕੇਗਾ।
ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਇਹ ਹਵਾਈ ਅੱਡਾ ਉੱਤਰੀ ਆਂਧਰਾ ਦੀ ਆਰਥਿਕ ਤਸਵੀਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਅਰਾਕੂ ਕੌਫੀ ਸਮੇਤ ਖੇਤਰ ਦੇ ਸੈਰ-ਸਪਾਟੇ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਅਧਿਕਾਰੀਆਂ ਨੂੰ “Wings to the Dreams of North Andhra” ਮੁਹਿੰਮ ਤਹਿਤ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।






