ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਪੰਜਾਬ ਨਾਲ ਸਬੰਧਤ ਇੱਕ ਹੋਰ ਭਾਰਤੀ ਨਾਗਰਿਕ ਗੁਰਪ੍ਰੀਤ ਸਿੰਘ ਦੀ ਤਸਵੀਰ ਜਾਰੀ ਕਰਦੇ ਹੋਏ ਉਸ ਨੂੰ ਆਪਣੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸ ਤੋਂ ਪਹਿਲਾਂ ਐੱਫ.ਬੀ.ਆਈ. ਨੇ ਬੀਤੇ ਦਿਨੀਂ ਫਰਵਰੀ 2025 ਵਿੱਚ ਮ੍ਰਿਤਕ ਹੋਏ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਸਿੰਘ (30) ਦੀ ਤਸਵੀਰ ਵੀ ਜਾਰੀ ਕੀਤੀ ਸੀ।
ਐੱਫ.ਬੀ.ਆਈ. ਦੇ ਮੁਤਾਬਕ, ਗੁਰਪ੍ਰੀਤ ਸਿੰਘ ‘ਤੇ ਰੈਕੇਟੀਅਰ ਪ੍ਰਭਾਵਿਤ ਅਤੇ ਭ੍ਰਿਸ਼ਟ ਸੰਸਥਾਵਾਂ (RICO) ਨਾਲ ਜੁੜੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਉਸ ‘ਤੇ ਬਿਨਾਂ ਲਾਇਸੈਂਸ ਹਥਿਆਰਾਂ ਦੇ ਵਪਾਰ ਦੀ ਸਾਜ਼ਿਸ਼, ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਵੰਡ ਅਤੇ ਵੰਡ ਦੇ ਇਰਾਦੇ ਨਾਲ ਕਬਜ਼ੇ ਵਿੱਚ ਰੱਖਣ ਸਮੇਤ ਕਈ ਗੰਭੀਰ ਇਲਜ਼ਾਮ ਲਗਾਏ ਗਏ ਹਨ।
ਜਾਂਚ ਏਜੰਸੀ ਅਨੁਸਾਰ, ਇਹ ਗਤੀਵਿਧੀਆਂ ਕਥਿਤ ਤੌਰ ‘ਤੇ ਜੱਗੂ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨਾਲ ਜੁੜੀਆਂ ਹਨ। ਐੱਫ.ਬੀ.ਆਈ. ਦਾ ਦਾਅਵਾ ਹੈ ਕਿ ਇਸ ਗਰੁੱਪ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਸੀ ਅਤੇ ਇਹ ਅਮਰੀਕਾ ਦੇ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਸਮੇਤ ਹੋਰ ਇਲਾਕਿਆਂ ਵਿੱਚ ਵੀ ਸਰਗਰਮ ਰਿਹਾ ਹੈ।






