Home Sport ਮਾਸਟਰਜ਼ ਹਾਕੀ ਵਰਲਡ ਕੱਪ 2026 ਲਈ ਪੰਜਾਬ ਦੇ ਪੰਜ ਖਿਡਾਰੀਆਂ ਦੀ ਚੋਣ

ਮਾਸਟਰਜ਼ ਹਾਕੀ ਵਰਲਡ ਕੱਪ 2026 ਲਈ ਪੰਜਾਬ ਦੇ ਪੰਜ ਖਿਡਾਰੀਆਂ ਦੀ ਚੋਣ

punjab-hockey-players-masters-hockey-world-cup-2026

0
10

ਚੰਡੀਗੜ੍ਹ: ਪੰਜਾਬ ਦੇ ਹਾਕੀ ਪ੍ਰੇਮੀਆਂ ਲਈ ਮਾਣ ਵਾਲੀ ਖ਼ਬਰ ਹੈ। ਹਾਲੈਂਡ ਅਤੇ ਬੈਲਜੀਅਮ ਵਿੱਚ 22 ਜੁਲਾਈ ਤੋਂ 16 ਅਗਸਤ 2026 ਤੱਕ ਹੋਣ ਜਾ ਰਹੇ ਮਾਸਟਰਜ਼ ਹਾਕੀ ਵਰਲਡ ਕੱਪ ਲਈ ਪੰਜਾਬ ਦੇ ਪੰਜ ਤਜਰਬੇਕਾਰ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਹ ਸਾਰੇ ਖਿਡਾਰੀ 55 ਸਾਲ ਉਮਰ ਵਰਗ ਵਿੱਚ ਅਲਾਇੰਸ ਇੰਟਰਨੈਸ਼ਨਲ ਹਾਕੀ ਕਲੱਬ ਦੀ ਨੁਮਾਇੰਦਗੀ ਕਰਦੇ ਹੋਏ ਵਿਸ਼ਵ ਪੱਧਰ ‘ਤੇ ਆਪਣਾ ਹੁਨਰ ਦਿਖਾਉਣਗੇ।

ਐੱਫ.ਆਈ.ਐੱਚ. (FIH) ਤੋਂ ਮਾਨਤਾ ਪ੍ਰਾਪਤ ਵਰਲਡ ਮਾਸਟਰਜ਼ ਹਾਕੀ ਵੱਲੋਂ ਕਰਵਾਏ ਜਾ ਰਹੇ ਇਸ ਵੱਕਾਰੀ ਟੂਰਨਾਮੈਂਟ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ 35 ਤੋਂ 80 ਸਾਲ ਉਮਰ ਵਰਗ ਦੇ ਖਿਡਾਰੀ ਅਤੇ ਕਈ ਕੌਮੀ ਹਾਕੀ ਕਲੱਬ ਹਿੱਸਾ ਲੈਂਦੇ ਹਨ। ਇਸ ਮੁਕਾਬਲੇ ਨੂੰ ਮਾਸਟਰਜ਼ ਹਾਕੀ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਮੰਚ ਮੰਨਿਆ ਜਾਂਦਾ ਹੈ।

ਚੁਣੇ ਗਏ ਖਿਡਾਰੀਆਂ ਵਿੱਚ ਸਮਰਾਲਾ ਦੇ ਡਾ. ਹਰਦੀਪ ਸਿੰਘ ਸ਼ਾਹੀ, ਕਮਲਜੀਤ ਸ਼ਾਹੀ ਅਤੇ ਰੁਪਿੰਦਰ ਸਿੰਘ ਗਿੱਲ ਦੇ ਨਾਲ ਜਲੰਧਰ ਦੇ ਅਵਤਾਰ ਸਿੰਘ ਅਤੇ ਨਰਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ਦੀ ਚੋਣ ਉਨ੍ਹਾਂ ਦੇ ਲੰਬੇ ਤਜਰਬੇ ਅਤੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਕੀਤੀ ਗਈ ਹੈ।

ਡਾ. ਹਰਦੀਪ ਸਿੰਘ ਸ਼ਾਹੀ ਅਤੇ ਕਮਲਜੀਤ ਸ਼ਾਹੀ ਪਹਿਲਾਂ ਵੀ 2022 ਅਤੇ 2024 ਵਿੱਚ ਆਸਟਰੇਲੀਆ ਦੇ ਗੋਲਡ ਕੋਸਟ ਵਿਖੇ ਹੋਈਆਂ ਪੈਨ ਪੈਸੀਫਿਕ ਮਾਸਟਰਜ਼ ਗੇਮਜ਼ ਵਿੱਚ 50 ਸਾਲ ਉਮਰ ਵਰਗ ਦੀ ਸੋਨ ਤਗਮਾ ਜੇਤੂ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਦੋਵੇਂ ਖਿਡਾਰੀ 2025 ਵਿੱਚ ਇੰਗਲੈਂਡ ਵਿਖੇ ਹੋਈ ਯੂਰੋਪੀਅਨ ਮਾਸਟਰਜ਼ ਹਾਕੀ ਚੈਂਪੀਅਨਸ਼ਿਪ ਵਿੱਚ ਵੀ ਖੇਡ ਚੁੱਕੇ ਹਨ।

ਦੂਜੇ ਪਾਸੇ ਰੁਪਿੰਦਰ ਸਿੰਘ ਗਿੱਲ, ਅਵਤਾਰ ਸਿੰਘ ਅਤੇ ਨਰਿੰਦਰ ਸਿੰਘ ਨੇ 2025 ਵਿੱਚ ਚੇਨੱਈ ਵਿਖੇ ਹੋਏ ਹਾਕੀ ਇੰਡੀਆ ਨੈਸ਼ਨਲ ਮਾਸਟਰਜ਼ ਹਾਕੀ ਟੂਰਨਾਮੈਂਟ ਵਿੱਚ 40 ਸਾਲ ਉਮਰ ਵਰਗ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਕੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਪੰਜਾਬ ਦੇ ਇਨ੍ਹਾਂ ਪੰਜ ਖਿਡਾਰੀਆਂ ਦੀ ਚੋਣ ਨਾਲ ਸੂਬੇ ਦੇ ਹਾਕੀ ਖੇਤਰ ਵਿੱਚ ਖੁਸ਼ੀ ਦੀ ਲਹਿਰ ਹੈ। ਖੇਡ ਪ੍ਰੇਮੀਆਂ ਨੂੰ ਉਮੀਦ ਹੈ ਕਿ ਇਹ ਖਿਡਾਰੀ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਾ ਸਿਰਫ਼ ਪੰਜਾਬ, ਸਗੋਂ ਭਾਰਤ ਦਾ ਨਾਮ ਵੀ ਰੌਸ਼ਨ ਕਰਨਗੇ।

LEAVE A REPLY

Please enter your comment!
Please enter your name here