HomeWorld Newsਹੋਰਮੁਜ਼ ਜਲਡਮਰੂ ’ਤੇ ਟਰੰਪ ਦਾ ਵੱਡਾ ਐਲਾਨ: ਕਾਰਗੋ ਜਹਾਜ਼ਾਂ ’ਤੇ 20 ਫ਼ੀਸਦੀ...

ਹੋਰਮੁਜ਼ ਜਲਡਮਰੂ ’ਤੇ ਟਰੰਪ ਦਾ ਵੱਡਾ ਐਲਾਨ: ਕਾਰਗੋ ਜਹਾਜ਼ਾਂ ’ਤੇ 20 ਫ਼ੀਸਦੀ ਫੀਸ

ਵਾਸ਼ਿੰਗਟਨ/ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੈਰਾਨੀਜਨਕ ਐਲਾਨ ਕਰਦਿਆਂ ਹੋਰਮੁਜ਼ ਜਲਡਮਰੂ ਰਾਹੀਂ ਲੰਘਣ ਵਾਲੇ ਕਾਰਗੋ ਜਹਾਜ਼ਾਂ ’ਤੇ 20 ਫ਼ੀਸਦੀ ਫੀਸ ਜਾਂ ਸਰਚਾਰਜ ਲਗਾਉਣ ਦਾ ਫ਼ੈਸਲਾ ਕੀਤਾ ਹੈ। ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਇਸ ਰਣਨੀਤਕ ਸਮੁੰਦਰੀ ਰਸਤੇ ਦੀ ਸੁਰੱਖਿਆ ਲਈ ਵੱਡੀ ਰਕਮ ਖ਼ਰਚ ਕਰ ਰਿਹਾ ਹੈ, ਇਸ ਲਈ ਈਰਾਨ ਨਾਲ ਜੁੜੇ ਦੇਸ਼ਾਂ ਨੂੰ ਛੱਡ ਕੇ ਹੋਰ ਦੇਸ਼ਾਂ ਦੇ ਜਹਾਜ਼ਾਂ ਤੋਂ ਸੁਰੱਖਿਆ ਦੇ ਬਦਲੇ ਇਹ ਫੀਸ ਵਸੂਲੀ ਜਾਵੇਗੀ।

ਟਰੰਪ ਨੇ ਇਸ ਦੇ ਨਾਲ ਹੀ ਮੰਗਲਵਾਰ ਰਾਤ 8 ਵਜੇ (GMT) ਤੋਂ ਈਰਾਨੀ ਬੰਦਰਗਾਹਾਂ ਦੀ ਜਲ ਸੈਨਾ ਨਾਕਾਬੰਦੀ ਮੁੜ ਸ਼ੁਰੂ ਕਰਨ ਅਤੇ ਈਰਾਨੀ ਜਹਾਜ਼ਾਂ ’ਤੇ ਪੂਰੀ ਪਾਬੰਦੀ ਲਗਾਉਣ ਦਾ ਐਲਾਨ ਵੀ ਕੀਤਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਵਧਦੇ ਤਣਾਅ ਦੇ ਬਾਵਜੂਦ ਈਰਾਨ ਨਾਲ ਸ਼ਾਂਤੀ ਸਮਝੌਤੇ ਦੀ ਸੰਭਾਵਨਾ ਅਜੇ ਵੀ ਬਰਕਰਾਰ ਹੈ।

ਖਾੜੀ ਖੇਤਰ ’ਚ ਤਣਾਅ ਵਧਿਆ, ਯੂ.ਏ.ਈ. ਦੇ ਦੋ ਤੇਲ ਟੈਂਕਰਾਂ ’ਤੇ ਹਮਲੇ ਦਾ ਦਾਅਵਾ

ਟਰੰਪ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਖਾੜੀ ਖੇਤਰ ਵਿੱਚ ਤਣਾਅ ਉਸ ਸਮੇਂ ਹੋਰ ਵਧ ਗਿਆ, ਜਦੋਂ ਯੂ.ਏ.ਈ. ਦੇ ਦੋ ਤੇਲ ਟੈਂਕਰਾਂ ‘ਮੋਮਬਾਸਾ’ ਅਤੇ ‘ਅਲ ਬਾਹੀਆ’ ’ਤੇ ਈਰਾਨੀ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕੀਤੇ ਜਾਣ ਦਾ ਦਾਅਵਾ ਸਾਹਮਣੇ ਆਇਆ। ਦੱਸਿਆ ਗਿਆ ਕਿ ਇਹ ਘਟਨਾ ਓਮਾਨ ਦੇ ਖੇਤਰੀ ਪਾਣੀਆਂ ਵਿੱਚ ਵਾਪਰੀ।

ਰਿਪੋਰਟਾਂ ਅਨੁਸਾਰ ਹਮਲੇ ਦੌਰਾਨ ਜਹਾਜ਼ ’ਤੇ ਮੌਜੂਦ ਇੱਕ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਛੇ ਭਾਰਤੀ ਅਤੇ ਦੋ ਯੂਕਰੇਨੀ ਨਾਗਰਿਕ ਸ਼ਾਮਲ ਦੱਸੇ ਗਏ ਹਨ। ਇਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਯੂ.ਏ.ਈ. ਦੇ ਰੱਖਿਆ ਮੰਤਰਾਲੇ ਨੇ ਕਥਿਤ ਹਮਲੇ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਗੰਭੀਰ ਉਲੰਘਣਾ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਆਪਣੇ ਹਿੱਤਾਂ ਅਤੇ ਸਮੁੰਦਰੀ ਸੁਰੱਖਿਆ ਦੀ ਰੱਖਿਆ ਲਈ ਜਵਾਬੀ ਕਾਰਵਾਈ ਦਾ ਅਧਿਕਾਰ ਰੱਖਦਾ ਹੈ। ਇਸ ਤੋਂ ਬਾਅਦ ਅਮਰੀਕਾ ਵੱਲੋਂ ਵੀ ਕਈ ਇਲਾਕਿਆਂ ਵਿੱਚ ਜਵਾਬੀ ਹਵਾਈ ਕਾਰਵਾਈ ਕੀਤੇ ਜਾਣ ਦੇ ਦਾਅਵੇ ਸਾਹਮਣੇ ਆਏ ਹਨ।

ਈਰਾਨ ਵੱਲੋਂ ਤਿੱਖੀ ਪ੍ਰਤੀਕਿਰਿਆ, ਅਮਰੀਕੀ ਫ਼ੈਸਲੇ ਦੀ ਕਾਨੂੰਨੀ ਵੈਧਤਾ ’ਤੇ ਉੱਠੇ ਸਵਾਲ

ਅਮਰੀਕਾ ਦੇ ਐਲਾਨ ’ਤੇ ਪ੍ਰਤੀਕਿਰਿਆ ਦਿੰਦਿਆਂ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ ਕਿ ਤਹਿਰਾਨ ਇਸ ਮਹੱਤਵਪੂਰਨ ਜਲਮਾਰਗ ਦਾ ਅਸਲ “ਰੱਖਿਅਕ” ਬਣਿਆ ਰਹੇਗਾ। ਉਨ੍ਹਾਂ ਵਿਅੰਗਮਈ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਸੁਰੱਖਿਆ ਦੇ ਬਦਲੇ ਮੁਆਵਜ਼ਾ ਮਿਲਣਾ ਹੈ ਤਾਂ ਇਹ ਉਸ ਧਿਰ ਨੂੰ ਮਿਲਣਾ ਚਾਹੀਦਾ ਹੈ, ਜੋ ਅਸਲ ਵਿੱਚ ਇਸ ਸਮੁੰਦਰੀ ਰਸਤੇ ਦੀ ਸੁਰੱਖਿਆ ਕਰਦੀ ਹੈ।

ਦੂਜੇ ਪਾਸੇ ਈਰਾਨੀ ਫ਼ੌਜੀ ਕਮਾਂਡ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਹੋਰਮੁਜ਼ ਜਲਡਮਰੂ ਦੇ ਪ੍ਰਬੰਧ ਵਿੱਚ ਅਮਰੀਕੀ ਦਖ਼ਲ ਨੂੰ ਸਵੀਕਾਰ ਨਹੀਂ ਕਰੇਗੀ। ਈਰਾਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਖੇਤਰ ਵਿੱਚ ਅਮਰੀਕਾ ਨੂੰ ਦਿੱਤੀ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਫ਼ੌਜੀ ਸਹਾਇਤਾ ਨੂੰ ਈਰਾਨ ਵਿਰੁੱਧ ਕਾਰਵਾਈ ਵਜੋਂ ਦੇਖਿਆ ਜਾ ਸਕਦਾ ਹੈ।

ਹੋਰਮੁਜ਼ ਜਲਡਮਰੂ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰਸਤਿਆਂ ਵਿੱਚੋਂ ਇੱਕ ਹੈ। ਇੱਥੇ ਵਧ ਰਹੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ, ਕੌਮਾਂਤਰੀ ਵਪਾਰ, ਸਮੁੰਦਰੀ ਆਵਾਜਾਈ ਅਤੇ ਵਿਸ਼ਵ ਅਰਥਵਿਵਸਥਾ ’ਤੇ ਵੱਡਾ ਅਸਰ ਪੈਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments