ਨਵੀਂ ਦਿੱਲੀ: ਦੇਸ਼ ਦੀ ਜਨਤਕ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਆਧੁਨਿਕ ਬਣਾਉਣ ਵੱਲ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਨਵੀਂ ਪਹਿਲ ਕੀਤੀ ਹੈ। ਰਾਸ਼ਟਰੀ ਸਿਹਤ ਮਿਸ਼ਨ (NHM) ਤਹਿਤ ਮਾਸਿਕ ਵੈਬਿਨਾਰ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਰਾਹੀਂ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਫਲ ਰਹੇ ਸਿਹਤ ਮਾਡਲਾਂ ਅਤੇ ਨਵੀਨਤਾਕਾਰੀ ਯੋਜਨਾਵਾਂ ਨੂੰ ਦੇਸ਼ ਭਰ ਨਾਲ ਸਾਂਝਾ ਕੀਤਾ ਜਾਵੇਗਾ।
ਇਸ ਵੈਬਿਨਾਰ ਲੜੀ ਦੀ ਖ਼ਾਸ ਗੱਲ ਇਹ ਹੈ ਕਿ ਹਰ ਮਹੀਨੇ ਸਿਹਤ ਖੇਤਰ ਨਾਲ ਜੁੜੇ ਵੱਖਰੇ ਵਿਸ਼ੇ ’ਤੇ ਚਰਚਾ ਹੋਵੇਗੀ। ਰਾਜ ਆਪਣੇ ਖੇਤਰਾਂ ਵਿੱਚ ਲਾਗੂ ਕੀਤੀਆਂ ਨਵੀਆਂ ਤਕਨੀਕਾਂ, ਡਿਜੀਟਲ ਸਿਹਤ ਹੱਲਾਂ ਅਤੇ ਲੋਕਾਂ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣ ਵਾਲੀਆਂ ਸਫਲ ਪਹਿਲਕਦਮੀਆਂ ਪੇਸ਼ ਕਰਨਗੇ। ਜਿਹੜੇ ਮਾਡਲ ਪ੍ਰਭਾਵਸ਼ਾਲੀ ਸਾਬਤ ਹੋਣਗੇ, ਉਨ੍ਹਾਂ ਨੂੰ ਹੋਰ ਰਾਜਾਂ ਵਿੱਚ ਵੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਸਿਹਤ ਮੰਤਰਾਲੇ ਦਾ ਮੰਨਣਾ ਹੈ ਕਿ ਦੇਸ਼ ਦੇ ਕਈ ਰਾਜ ਸਥਾਨਕ ਸਿਹਤ ਸਮੱਸਿਆਵਾਂ ਦੇ ਹੱਲ ਲਈ ਨਵੇਂ ਅਤੇ ਪ੍ਰਭਾਵਸ਼ਾਲੀ ਤਰੀਕੇ ਅਪਣਾ ਰਹੇ ਹਨ, ਪਰ ਇਨ੍ਹਾਂ ਬਾਰੇ ਜਾਣਕਾਰੀ ਅਕਸਰ ਸੀਮਤ ਖੇਤਰਾਂ ਤੱਕ ਹੀ ਰਹਿ ਜਾਂਦੀ ਹੈ। ਨਵੀਂ ਵੈਬਿਨਾਰ ਲੜੀ ਅਜਿਹੀਆਂ ਸਫਲ ਪਹਿਲਕਦਮੀਆਂ ਨੂੰ ਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਉਣ ਅਤੇ ਉਨ੍ਹਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਸਾਂਝੇ ਮੰਚ ਵਜੋਂ ਕੰਮ ਕਰੇਗੀ।
ਲੜੀ ਦੇ ਪਹਿਲੇ ਵੈਬਿਨਾਰ ਵਿੱਚ ਅਨੀਮੀਆ ਦੇ ਨਾਲ-ਨਾਲ ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਨੂੰ ਮੁੱਖ ਵਿਸ਼ਾ ਬਣਾਇਆ ਗਿਆ। ਇਸ ਦੌਰਾਨ ਝਾਰਖੰਡ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਨੇ ਆਪਣੀਆਂ ਸਫਲ ਪਹਿਲਕਦਮੀਆਂ ਪੇਸ਼ ਕੀਤੀਆਂ। ਝਾਰਖੰਡ ਨੇ ਅਨੀਮੀਆ ਦੀ ਨਿਗਰਾਨੀ ਲਈ ਡਿਜੀਟਲ ਐਪ ਅਤੇ ਬੱਚਿਆਂ ਦੀ ਘਰ-ਅਧਾਰਿਤ ਦੇਖਭਾਲ ਨਾਲ ਜੁੜੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਛੱਤੀਸਗੜ੍ਹ ਨੇ ਬੱਚਿਆਂ ਦੀ ਸਿਹਤ ਜਾਂਚ ਨਾਲ ਜੁੜੀ ‘ਚਿਰਾਯੂ ਦਿਵਸ’ ਪਹਿਲ ਪੇਸ਼ ਕੀਤੀ, ਜਦਕਿ ਮੱਧ ਪ੍ਰਦੇਸ਼ ਨੇ ਕਿਸ਼ੋਰਾਂ ਵਿੱਚ ਵਧ ਰਹੇ ਮੋਟਾਪੇ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਾਂਝਾ ਕੀਤਾ।
ਉਦਘਾਟਨੀ ਵੈਬਿਨਾਰ ਵਿੱਚ ਦੇਸ਼ ਭਰ ਤੋਂ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ਦੇ 500 ਤੋਂ ਵੱਧ ਸਿਹਤ ਅਧਿਕਾਰੀਆਂ ਨੇ ਹਿੱਸਾ ਲਿਆ। ਮੰਤਰਾਲੇ ਅਨੁਸਾਰ ਇਹ ਮੰਚ ਸਿਰਫ਼ ਵਿਚਾਰਾਂ ਦੀ ਚਰਚਾ ਤੱਕ ਸੀਮਤ ਨਹੀਂ ਰਹੇਗਾ, ਸਗੋਂ ਸਫਲ ਸਿਹਤ ਮਾਡਲਾਂ ਨੂੰ ਦੂਜੇ ਰਾਜਾਂ ਤੱਕ ਪਹੁੰਚਾਉਣ ਅਤੇ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿੱਚ ਵੀ ਮਦਦ ਕਰੇਗਾ।
ਇਸ ਨਵੀਂ ਪਹਿਲ ਨਾਲ ਸਿਹਤ ਸੇਵਾਵਾਂ ਵਿੱਚ ਤਕਨਾਲੋਜੀ ਅਤੇ ਨਵੀਨਤਾ ਦੀ ਵਰਤੋਂ ਵਧਣ ਦੇ ਨਾਲ-ਨਾਲ ਰਾਜਾਂ ਵਿਚਕਾਰ ਤਜਰਬਿਆਂ ਦੀ ਸਾਂਝ ਵੀ ਮਜ਼ਬੂਤ ਹੋਵੇਗੀ। ਇਸ ਨਾਲ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਤੱਕ ਬਿਹਤਰ, ਤੇਜ਼ ਅਤੇ ਪ੍ਰਭਾਵਸ਼ਾਲੀ ਸਿਹਤ ਸਹੂਲਤਾਂ ਪਹੁੰਚਾਉਣ ਦਾ ਰਾਹ ਹੋਰ ਆਸਾਨ ਹੋ ਸਕਦਾ ਹੈ।







