Google search engine
HomeBlogਮਟਰਾਂ ਦੀ ਖੇਤੀ: ਘੱਟ ਮਿਹਨਤ ਨਾਲ ਵਧੀਆ ਪੈਦਾਵਾਰ ਲਈ ਕਾਰਗਰ ਤਰੀਕੇ

ਮਟਰਾਂ ਦੀ ਖੇਤੀ: ਘੱਟ ਮਿਹਨਤ ਨਾਲ ਵਧੀਆ ਪੈਦਾਵਾਰ ਲਈ ਕਾਰਗਰ ਤਰੀਕੇ

ਮਟਰਾਂ ਦੀ ਖੇਤੀ ਕਰਨੀ ਬਹੁਤ ਹੀ ਆਸਾਨ ਹੈ ਅਤੇ ਇਹ ਘਰਾਂ ਤੋਂ ਲੈ ਕੇ ਖੇਤਾਂ ਤੱਕ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਮਟਰਾਂ ਦੀ ਫ਼ਸਲ ਲਗਭਗ ਹਰ ਕਿਸਮ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਪਰ ਸੇਮ ਵਾਲੇ ਇਲਾਕਿਆਂ ਵਿੱਚ ਇਸ ਦੀ ਕਾਸ਼ਤ ਉਚਿਤ ਨਹੀਂ ਮੰਨੀ ਜਾਂਦੀ।

ਸਾਉਣੀ ਰੁੱਤ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤ ਨੂੰ ਤਿਆਰ ਕਰਨ ਲਈ 1 ਜਾਂ 2 ਵਾਰ ਹੱਲ ਨਾਲ ਵਾਹੁਣਾ ਚਾਹੀਦਾ ਹੈ। ਇਸ ਤੋਂ ਬਾਅਦ 2 ਤੋਂ 3 ਵਾਰ ਤਵੀਆਂ ਨਾਲ ਵਾਹ ਕੇ ਸੁਹਾਗਾ ਫੇਰਿਆ ਜਾਵੇ, ਤਾਂ ਜੋ ਮਿੱਟੀ ਭੁਰਭੁਰੀ ਹੋ ਜਾਵੇ। ਪਾਣੀ ਖੜ੍ਹਨ ਤੋਂ ਬਚਾਅ ਲਈ ਖੇਤ ਨੂੰ ਚੰਗੀ ਤਰ੍ਹਾਂ ਪੱਧਰਾ ਕਰਨਾ ਬਹੁਤ ਜ਼ਰੂਰੀ ਹੈ। ਬਿਜਾਈ ਤੋਂ ਪਹਿਲਾਂ ਇੱਕ ਵਾਰ ਸਿੰਚਾਈ ਕਰਨ ਨਾਲ ਫ਼ਸਲ ਦੀ ਚੰਗੀ ਸ਼ੁਰੂਆਤ ਹੁੰਦੀ ਹੈ।

ਮਾਹਰਾਂ ਅਨੁਸਾਰ ਵਧੇਰੇ ਝਾੜ ਲਈ ਮਟਰਾਂ ਦੀ ਬਿਜਾਈ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਪੰਦਰਵਾੜੇ ਤੱਕ ਕਰਨੀ ਚਾਹੀਦੀ ਹੈ। ਪਛੇਤੀ ਬਿਜਾਈ ਨਾਲ ਪੈਦਾਵਾਰ ਵਿੱਚ ਕਮੀ ਆ ਸਕਦੀ ਹੈ। ਜੇਕਰ ਅਗੇਤੇ ਮੰਡੀਕਰਨ ਦਾ ਲਾਭ ਲੈਣਾ ਹੋਵੇ ਤਾਂ ਮਟਰਾਂ ਦੀ ਕਾਸ਼ਤ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਕਰਨੀ ਉਚਿਤ ਰਹਿੰਦੀ ਹੈ।

ਬਿਜਾਈ ਦੌਰਾਨ ਅਗੇਤੀ ਕਿਸਮਾਂ ਲਈ ਕਤਾਰਾਂ ਦਾ ਫ਼ਾਸਲਾ 30 ਸੈਂਟੀਮੀਟਰ ਅਤੇ ਪੌਦਿਆਂ ਦਾ 5 ਸੈਂਟੀਮੀਟਰ ਰੱਖਿਆ ਜਾਂਦਾ ਹੈ, ਜਦਕਿ ਪਿਛੇਤੀ ਕਿਸਮਾਂ ਲਈ ਕਤਾਰਾਂ ਵਿਚਕਾਰ 45 ਤੋਂ 60 ਸੈਂਟੀਮੀਟਰ ਅਤੇ ਪੌਦਿਆਂ ਵਿਚਕਾਰ 10 ਸੈਂਟੀਮੀਟਰ ਫ਼ਾਸਲਾ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਬੀਜ ਨੂੰ 2 ਤੋਂ 3 ਸੈਂਟੀਮੀਟਰ ਡੂੰਘਾ ਬੀਜਿਆ ਜਾਣਾ ਚਾਹੀਦਾ ਹੈ। ਮਸ਼ੀਨ ਨਾਲ ਵੱਟਾਂ ਬਣਾ ਕੇ ਬਿਜਾਈ ਕਰਨੀ ਵਧੇਰੇ ਲਾਭਦਾਇਕ ਮੰਨੀ ਜਾਂਦੀ ਹੈ, ਜਿੱਥੇ ਵੱਟਾਂ ਦੀ ਚੌੜਾਈ ਲਗਭਗ 60 ਸੈਂਟੀਮੀਟਰ ਹੁੰਦੀ ਹੈ।

ਬੀਜ ਦੀ ਮਾਤਰਾ ਵਜੋਂ ਪ੍ਰਤੀ ਏਕੜ 35 ਤੋਂ 40 ਕਿਲੋਗ੍ਰਾਮ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਇਕ ਜਾਂ ਦੋ ਵਾਰ ਗੋਡੀ ਕੀਤੀ ਜਾਂਦੀ ਹੈ, ਜੋ ਕਿ ਕਿਸਮ ’ਤੇ ਨਿਰਭਰ ਕਰਦਾ ਹੈ। ਪਹਿਲੀ ਗੋਡੀ ਬਿਜਾਈ ਤੋਂ 3–4 ਹਫ਼ਤਿਆਂ ਬਾਅਦ, ਜਦੋਂ ਫ਼ਸਲ 2–3 ਪੱਤੇ ਕੱਢ ਲੈਂਦੀ ਹੈ, ਅਤੇ ਦੂਜੀ ਗੋਡੀ ਫੁੱਲ ਆਉਣ ਤੋਂ ਪਹਿਲਾਂ ਕਰਨੀ ਚਾਹੀਦੀ ਹੈ।

ਨਦੀਨਾਂ ਤੋਂ ਬਚਾਅ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਵੀ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ। ਨਦੀਨਾਂ ਦੀ ਰੋਕਥਾਮ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਜਾਂ ਬਸਾਲਿਨ 1 ਲੀਟਰ ਪ੍ਰਤੀ ਏਕੜ ਦੀ ਛਿੜਕਾਅ ਫ਼ਸਲ ਬੀਜਣ ਤੋਂ 48 ਘੰਟਿਆਂ ਦੇ ਅੰਦਰ ਕਰਨਾ ਚਾਹੀਦਾ ਹੈ। ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਕਿਸਾਨ ਘੱਟ ਮਿਹਨਤ ਨਾਲ ਮਟਰਾਂ ਦੀ ਵਧੀਆ ਪੈਦਾਵਾਰ ਹਾਸਲ ਕਰ ਸਕਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments