Tuesday, July 7, 2026
Home World News ਵੇਨੇਜ਼ੁਏਲਾ ‘ਚ ਕੁਦਰਤ ਦਾ ਕਹਿਰ, ਮੌਤਾਂ ਦਾ ਅੰਕੜਾ 3,535 ਪਾਰ; ਹਜ਼ਾਰਾਂ ਪਰਿਵਾਰਾਂ...

ਵੇਨੇਜ਼ੁਏਲਾ ‘ਚ ਕੁਦਰਤ ਦਾ ਕਹਿਰ, ਮੌਤਾਂ ਦਾ ਅੰਕੜਾ 3,535 ਪਾਰ; ਹਜ਼ਾਰਾਂ ਪਰਿਵਾਰਾਂ ਦਾ ਆਸਰਾ ਉਜੜਿਆ

0
7

ਵੇਨੇਜ਼ੁਏਲਾ ਵਿੱਚ 24 ਜੂਨ ਨੂੰ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਤੋਂ ਬਾਅਦ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਹਨ। ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ, ਇਸ ਕੁਦਰਤੀ ਆਫ਼ਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,535 ਹੋ ਗਈ ਹੈ, ਜਦਕਿ 16,740 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ, ਕਰੀਬ 18 ਹਜ਼ਾਰ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਹਨ ਅਤੇ ਅਸਥਾਈ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ।

ਰਾਜਧਾਨੀ ਕਾਰਾਕਾਸ ਅਤੇ ਤੱਟੀ ਸ਼ਹਿਰ ਲਾ ਗੁਆਇਰਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਮਲ ਹਨ। ਕਈ ਰਿਹਾਇਸ਼ੀ ਇਮਾਰਤਾਂ, ਸੜਕਾਂ ਅਤੇ ਜਨਤਕ ਢਾਂਚੇ ਤਬਾਹ ਹੋ ਗਏ ਹਨ। ਬਚਾਅ ਟੀਮਾਂ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਲਗਾਤਾਰ ਜੁਟੀਆਂ ਹੋਈਆਂ ਹਨ, ਹਾਲਾਂਕਿ ਸਮਾਂ ਬੀਤਣ ਨਾਲ ਜ਼ਿੰਦਾ ਬਚੇ ਲੋਕਾਂ ਨੂੰ ਲੱਭਣ ਦੀ ਉਮੀਦ ਘੱਟਦੀ ਜਾ ਰਹੀ ਹੈ।

ਸਰਕਾਰ ਨੇ ਪ੍ਰਭਾਵਿਤ ਲੋਕਾਂ ਲਈ ਰਾਹਤ ਕੈਂਪ ਬਣਾਏ ਹਨ, ਜਿੱਥੇ ਹਜ਼ਾਰਾਂ ਪਰਿਵਾਰਾਂ ਨੂੰ ਭੋਜਨ, ਪੀਣ ਵਾਲਾ ਪਾਣੀ ਅਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਵੇਲੇ ਕਰੀਬ 12,800 ਲੋਕ 80 ਤੋਂ ਵੱਧ ਅਸਥਾਈ ਸ਼ਰਨ ਕੈਂਪਾਂ ਵਿੱਚ ਰਹਿ ਰਹੇ ਹਨ। ਹਾਲਾਂਕਿ, ਭੀੜ ਅਤੇ ਮਾੜੇ ਸਫ਼ਾਈ ਪ੍ਰਬੰਧਾਂ ਕਾਰਨ ਸਾਹ ਨਾਲ ਸੰਬੰਧਿਤ ਬਿਮਾਰੀਆਂ, ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਅਤੇ ਹੋਰ ਸੰਕਰਮਣਾਂ ਦਾ ਖਤਰਾ ਵੱਧ ਗਿਆ ਹੈ।

ਸਥਾਨਕ ਲੋਕਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਸਰਕਾਰ ਦੇ ਰਾਹਤ ਕਾਰਜਾਂ ਦੀ ਰਫ਼ਤਾਰ ‘ਤੇ ਸਵਾਲ ਉਠਾਏ ਹਨ। ਕਈ ਇਲਾਕਿਆਂ ਵਿੱਚ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਸ਼ਵ ਮਲਬੇ ਵਿੱਚੋਂ ਖੁਦ ਕੱਢਣੇ ਪਏ, ਜਦਕਿ ਭਾਰੀ ਮਸ਼ੀਨਰੀ ਅਤੇ ਹੋਰ ਜ਼ਰੂਰੀ ਸਾਧਨਾਂ ਦੀ ਘਾਟ ਕਾਰਨ ਬਚਾਅ ਕਾਰਜ ਪ੍ਰਭਾਵਿਤ ਹੋਏ ਹਨ।

ਇਸ ਦੌਰਾਨ, ਵਿਸ਼ਵ ਸਿਹਤ ਸੰਸਥਾ (WHO), ਪੈਨ ਅਮਰੀਕਨ ਹੈਲਥ ਆਰਗੇਨਾਈਜ਼ੇਸ਼ਨ (PAHO) ਅਤੇ ਸੰਯੁਕਤ ਰਾਸ਼ਟਰ (UN) ਸਮੇਤ ਕਈ ਅੰਤਰਰਾਸ਼ਟਰੀ ਏਜੰਸੀਆਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਦੇ ਰਹੀਆਂ ਹਨ। ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰਾਹਤ ਕੈਂਪਾਂ ਵਿੱਚ ਸਫ਼ਾਈ ਅਤੇ ਸਿਹਤ ਸਹੂਲਤਾਂ ਵਿੱਚ ਜਲਦੀ ਸੁਧਾਰ ਨਾ ਕੀਤਾ ਗਿਆ ਤਾਂ ਬਿਮਾਰੀਆਂ ਫੈਲਣ ਦਾ ਖਤਰਾ ਹੋਰ ਵੱਧ ਸਕਦਾ ਹੈ।

ਇਸ ਭਿਆਨਕ ਆਫ਼ਤ ਨੇ ਵੇਨੇਜ਼ੁਏਲਾ ਦੇ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ ਅਤੇ ਦੇਸ਼ ਨੂੰ ਵੱਡੇ ਮਨੁੱਖੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਚਾਅ ਅਤੇ ਪੁਨਰਵਾਸ ਕਾਰਜ ਅਜੇ ਵੀ ਜਾਰੀ ਹਨ ਅਤੇ ਅਧਿਕਾਰੀਆਂ ਨੂੰ ਡਰ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ ਹੈ।

LEAVE A REPLY

Please enter your comment!
Please enter your name here