Saturday, July 18, 2026
Home National ਰੁਦਰਪ੍ਰਯਾਗ ਦੇ ਜੰਗਲਾਂ ਵਿੱਚ ਭਿਆਨਕ ਅੱਗ, ਚਾਰਧਾਮ ਯਾਤਰਾ ਅਤੇ ਲੋਕ ਜੀਵਨ ਪ੍ਰਭਾਵਿਤ

ਰੁਦਰਪ੍ਰਯਾਗ ਦੇ ਜੰਗਲਾਂ ਵਿੱਚ ਭਿਆਨਕ ਅੱਗ, ਚਾਰਧਾਮ ਯਾਤਰਾ ਅਤੇ ਲੋਕ ਜੀਵਨ ਪ੍ਰਭਾਵਿਤ

0
19

ਉੱਤਰਾਖੰਡ: ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਨੇ ਪੂਰੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ ਹੈ। ਪਹਾੜਾਂ ਤੋਂ ਉੱਠ ਰਹੀਆਂ ਅੱਗ ਦੀਆਂ ਉੱਚੀਆਂ ਲਪਟਾਂ ਹੁਣ ਸਿਰਫ ਜੰਗਲਾਂ ਤੱਕ ਸੀਮਿਤ ਨਹੀਂ ਰਹੀਆਂ, ਸਗੋਂ ਇਨ੍ਹਾਂ ਦਾ ਅਸਰ ਚਾਰਧਾਮ ਯਾਤਰਾ ਮਾਰਗ ਅਤੇ ਆਮ ਜਨਜੀਵਨ ’ਤੇ ਵੀ ਪੈ ਰਿਹਾ ਹੈ।

ਜੰਗਲਾਂ ਵਿੱਚ ਫੈਲੀ ਅੱਗ ਕਾਰਨ ਜੰਗਲੀ ਜੀਵ-ਜੰਤੂ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜ ਰਹੇ ਹਨ, ਜਦਕਿ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਪਹੁੰਚੇ ਹਜ਼ਾਰਾਂ ਸ਼ਰਧਾਲੂ ਅਤੇ ਸਥਾਨਕ ਲੋਕ ਧੂੰਏਂ ਅਤੇ ਭਿਆਨਕ ਗਰਮੀ ਕਾਰਨ ਘੁਟਨ ਭਰੇ ਮਾਹੌਲ ਦਾ ਸਾਹਮਣਾ ਕਰ ਰਹੇ ਹਨ।

ਸੰਘਣੇ ਧੂੰਏਂ ਨੇ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਭਾਰੀ ਦਿੱਕਤ ਅਤੇ ਅੱਖਾਂ ਵਿੱਚ ਜਲਣ ਦੀ ਸਮੱਸਿਆ ਆ ਰਹੀ ਹੈ। ਕਈ ਲੋਕਾਂ ਨੇ ਦੱਸਿਆ ਕਿ ਵਾਤਾਵਰਣ ਇੱਕ “ਗੈਸ ਚੈਂਬਰ” ਵਰਗਾ ਬਣ ਗਿਆ ਹੈ।

ਚਾਰਧਾਮ ਯਾਤਰਾ ਮਾਰਗ ’ਤੇ ਹਾਲਾਤ ਹੋਰ ਵੀ ਮੁਸ਼ਕਲ ਬਣ ਗਏ ਹਨ। ਭਾਰੀ ਟ੍ਰੈਫਿਕ ਜਾਮ ਵਿੱਚ ਫਸੇ ਯਾਤਰੀਆਂ ਨੂੰ ਅੱਗ ਦੀ ਤਪਸ਼ ਅਤੇ ਧੂੰਏਂ ਵਿਚਕਾਰ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕਈ ਸ਼ਰਧਾਲੂਆਂ ਨੇ ਦੱਸਿਆ ਕਿ ਉਹ 8 ਤੋਂ 10 ਘੰਟਿਆਂ ਤੋਂ ਲਗਾਤਾਰ ਜਾਮ ਵਿੱਚ ਫਸੇ ਹੋਏ ਹਨ।

ਇਸ ਦੌਰਾਨ ਕੇਦਾਰਨਾਥ ਯਾਤਰਾ ਲਈ ਚੱਲ ਰਹੀਆਂ ਹੈਲੀਕਾਪਟਰ ਸੇਵਾਵਾਂ ਨੂੰ ਲੈ ਕੇ ਵੀ ਗੰਭੀਰ ਸਵਾਲ ਉੱਠ ਰਹੇ ਹਨ। ਘੱਟ ਦ੍ਰਿਸ਼ਟੀ ਅਤੇ ਸੰਘਣੇ ਧੂੰਏਂ ਦੇ ਬਾਵਜੂਦ ਪ੍ਰਾਈਵੇਟ ਹੈਲੀਕਾਪਟਰ ਕੰਪਨੀਆਂ ਵੱਲੋਂ ਉਡਾਣਾਂ ਜਾਰੀ ਰੱਖਣ ’ਤੇ ਲੋਕਾਂ ਨੇ ਚਿੰਤਾ ਜਤਾਈ ਹੈ। ਸਥਾਨਕ ਨਿਵਾਸੀਆਂ ਅਤੇ ਯਾਤਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਹਾਲਾਤਾਂ ਵਿੱਚ ਉਡਾਣਾਂ ਯਾਤਰੀਆਂ ਦੀ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੀਆਂ ਹਨ।

ਸਥਾਨਕ ਲੋਕਾਂ ਅਤੇ ਸਮਾਜਿਕ ਕਾਰਕੁਨਾਂ ਨੇ ਰਾਜ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੱਗ ’ਤੇ ਕਾਬੂ ਪਾਉਣ ਲਈ ਜੰਗੀ ਪੱਧਰ ’ਤੇ ਕਾਰਵਾਈ ਕੀਤੀ ਜਾਵੇ, ਆਧੁਨਿਕ ਅੱਗ ਬੁਝਾਉਣ ਸਾਧਨ ਤਾਇਨਾਤ ਕੀਤੇ ਜਾਣ ਅਤੇ ਚਾਰਧਾਮ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਇਆ ਜਾਵੇ।

LEAVE A REPLY

Please enter your comment!
Please enter your name here