Saturday, July 18, 2026
Home World News ਚੀਨ ਦੇ ਹੇਨਾਨ ਪ੍ਰਾਂਤ ਵਿੱਚ ਭਿਆਨਕ ਸੜਕ ਹਾਦਸਾ, 13 ਲੋਕਾਂ ਦੀ ਮੌਤ 

ਚੀਨ ਦੇ ਹੇਨਾਨ ਪ੍ਰਾਂਤ ਵਿੱਚ ਭਿਆਨਕ ਸੜਕ ਹਾਦਸਾ, 13 ਲੋਕਾਂ ਦੀ ਮੌਤ 

0
17

ਚੀਨ: ਦੇ ਕੇਂਦਰੀ ਹੇਨਾਨ ਪ੍ਰਾਂਤ ਵਿੱਚ ਅੱਜ ਸਵੇਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਨਾਨਯਾਂਗ ਸ਼ਹਿਰ ਦੇ ਇੱਕ ਐਕਸਪ੍ਰੈਸਵੇਅ ’ਤੇ ਤੜਕੇ ਕਰੀਬ 2:40 ਵਜੇ ਵਾਪਰਿਆ।

ਸਥਾਨਕ ਅਧਿਕਾਰੀਆਂ ਮੁਤਾਬਕ ਇੱਕ ਓਵਰਲੋਡ ਯਾਤਰੀ ਵੈਨ ਆਪਣੇ ਅੱਗੇ ਚੱਲ ਰਹੇ ਸੈਮੀ-ਟ੍ਰੇਲਰ ਟਰੱਕ ਨਾਲ ਜਾ ਟਕਰਾਈ। ਹੈਰਾਨੀ ਦੀ ਗੱਲ ਇਹ ਹੈ ਕਿ ਵੈਨ ਸਿਰਫ਼ 9 ਯਾਤਰੀਆਂ ਲਈ ਮਨਜ਼ੂਰਸ਼ੁਦਾ ਸੀ, ਪਰ ਹਾਦਸੇ ਸਮੇਂ ਇਸ ਵਿੱਚ 16 ਲੋਕ ਸਵਾਰ ਸਨ।

ਟੱਕਰ ਇੰਨੀ ਭਿਆਨਕ ਸੀ ਕਿ ਕਈ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਘਟਨਾ ਤੋਂ ਬਾਅਦ ਚੀਨ ਦੇ ਜਨਤਕ ਸੁਰੱਖਿਆ ਮੰਤਰਾਲੇ ਨੇ ਜਾਂਚ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ਟੀਮ ਨਾਨਯਾਂਗ ਭੇਜੀ ਹੈ। ਪ੍ਰਾਰੰਭਿਕ ਜਾਂਚ ਵਿੱਚ ਓਵਰਲੋਡਿੰਗ ਅਤੇ ਤੇਜ਼ ਰਫ਼ਤਾਰ ਨੂੰ ਹਾਦਸੇ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਮੰਨਿਆ ਜਾ ਰਿਹਾ ਹੈ।

ਇਹ ਹਾਦਸਾ ਉਸ ਵੇਲੇ ਵਾਪਰਿਆ ਹੈ ਜਦੋਂ ਚੀਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵੱਡੀਆਂ ਦੁਰਘਟਨਾਵਾਂ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਹਫ਼ਤੇ ਸ਼ਾਨਕਸੀ ਪ੍ਰਾਂਤ ਵਿੱਚ ਇੱਕ ਕੋਲਾ ਖਾਨ ਵਿੱਚ ਗੈਸ ਧਮਾਕੇ ਕਾਰਨ 82 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਲਾਪਤਾ ਹੋ ਗਏ ਸਨ।

ਇਸ ਤੋਂ ਪਹਿਲਾਂ ਹੁਨਾਨ ਪ੍ਰਾਂਤ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਵੱਡੇ ਧਮਾਕੇ ਕਾਰਨ ਲਗਭਗ ਦੋ ਦਰਜਨ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 61 ਹੋਰ ਜ਼ਖਮੀ ਹੋਏ ਸਨ।

ਲਗਾਤਾਰ ਹੋ ਰਹੀਆਂ ਇਨ੍ਹਾਂ ਦੁਰਘਟਨਾਵਾਂ ਨੇ ਚੀਨ ਵਿੱਚ ਉਦਯੋਗਿਕ ਅਤੇ ਆਵਾਜਾਈ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਸੁਰੱਖਿਆ ਨਿਯਮਾਂ ਦੀ ਅਣਦੇਖੀ, ਓਵਰਲੋਡਿੰਗ ਅਤੇ ਲਾਪਰਵਾਹੀ ਇਨ੍ਹਾਂ ਹਾਦਸਿਆਂ ਦੇ ਮੁੱਖ ਕਾਰਨ ਬਣ ਰਹੇ ਹਨ।

LEAVE A REPLY

Please enter your comment!
Please enter your name here