ਜੇਲ੍ਹ ‘ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। 100 ਤੋਂ ਵੱਧ ਗੰਭੀਰ ਮਾਮਲਿਆਂ ਵਿੱਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵਿਵਾਦਤ ਇੰਟਰਵਿਊ ਖਰੜ ਦੇ ਸੀ.ਆਈ.ਏ. ਸਟਾਫ਼ ਵਿਚ ਹੋਇਆ। ਇਹ ਖੁਲਾਸਾ ਹਾਈ ਕੋਰਟ ਵੱਲੋਂ ਗਠਿਤ ਦੋ ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ਵਿੱਚ ਹੋਇਆ ਹੈ, ਜੋ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਹੈ। ਡੀ.ਜੀ.ਪੀ ਪ੍ਰਬੋਧ ਕੁਮਾਰ ਨੇ ਅਦਾਲਤ ਵਿੱਚ ਆਨਲਾਈਨ ਪੇਸ਼ ਹੋ ਕੇ ਇਸ ਦੀ ਪੁਸ਼ਟੀ ਕੀਤੀ ਸੀ।
ਰਿਪੋਰਟ ਮੁਤਾਬਕ ਜਦੋਂ ਲਾਰੈਂਸ ਨੂੰ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੂੰ ਖਰੜ ਸਥਿਤ ਸੀ.ਆਈ.ਏ ਸਟਾਫ਼ ਕੋਲ ਲਿਜਾ ਕੇ ਆਨਲਾਈਨ ਇੰਟਰਵਿਊ ਕਰਵਾਈ ਗਈ। ਇਹ ਇੰਟਰਵਿਊ ਇੱਕ ਨਿੱਜੀ ਟੀ.ਵੀ. ਚੈਨਲ ‘ਤੇ ਪ੍ਰਸਾਰਿਤ ਕੀਤਾ ਗਿਆ ਸੀ। ਉਸਦੀ ਦੂਜੀ ਇੰਟਰਵਿਊ ਜੈਪੁਰ, ਰਾਜਸਥਾਨ ਤੋਂ ਰਿਕਾਰਡ ਕੀਤੀ ਗਈ ਸੀ, ਜਦੋਂ ਲਾਰੈਂਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਜੈਪੁਰ ਲਿਜਾਇਆ ਗਿਆ ਸੀ। ਜਸਟਿਸ ਅਨੁਪਿੰਦਰ ਸਿੰਘ ਦੀ ਅਗਵਾਈ ਵਾਲੇ ਬੈਂਚ ਨੇ ਅਦਾਲਤੀ ਮਿੱਤਰ ਐਡਵੋਕੇਟ ਤਨੂ ਬੇਦੀ ਦੀ ਅਰਜ਼ੀ ‘ਤੇ ਰਾਜ ਦੇ ਮੁੱਖ ਸਕੱਤਰ ਰਾਹੀਂ ਰਾਜਸਥਾਨ ਸਰਕਾਰ ਨੂੰ ਧਿਰ ਬਣਾਇਆ ਹੈ