HomeNationalਮੀਂਹ ਦੀ ਆਸ, ਭਿਆਨਕ ਗਰਮੀ ਤੋਂ ਮਿਲੇਗੀ ਰਾਹਤ

ਮੀਂਹ ਦੀ ਆਸ, ਭਿਆਨਕ ਗਰਮੀ ਤੋਂ ਮਿਲੇਗੀ ਰਾਹਤ

ਨਵੀਂ ਦਿੱਲੀ: ਦੇਸ਼ ਭਰ ਵਿੱਚ ਪੈ ਰਹੀ ਤਪਦੀ ਗਰਮੀ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਦੁਪਹਿਰ ਦੇ ਸਮੇਂ ਹਾਲਾਤ ਅਜਿਹੇ ਬਣ ਰਹੇ ਹਨ ਜਿਵੇਂ ਅਸਮਾਨ ਤੋਂ ਅੱਗ ਵਰ੍ਹ ਰਹੀ ਹੋਵੇ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਦੇਸ਼ ਦੇ ਕਰੀਬ 23 ਸ਼ਹਿਰਾਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ ਹੈ। ਰਾਜਸਥਾਨ ਦਾ ਸ਼੍ਰੀਗੰਗਾਨਗਰ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਪਾਰਾ 48.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤਰ ਪ੍ਰਦੇਸ਼ ਦਾ ਬੰਦਾ ਅਤੇ ਰਾਜਸਥਾਨ ਦਾ ਪਿਲਾਨੀ ਵੀ 47 ਡਿਗਰੀ ਦੇ ਨੇੜੇ ਰਹੇ। ਦਿੱਲੀ ਦੇ ਰਿਜ ਇਲਾਕੇ ਵਿੱਚ ਵੱਧ ਤੋਂ ਵੱਧ ਤਾਪਮਾਨ 45.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਇਸ ਦਰਮਿਆਨ ਮੌਸਮ ਵਿਭਾਗ ਨੇ ਲੋਕਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਦਿੱਤੀ ਹੈ। ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਦਿੱਲੀ-ਐਨਸੀਆਰ ਸਮੇਤ ਉੱਤਰੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ਵਿੱਚ 6 ਤੋਂ 7 ਡਿਗਰੀ ਸੈਲਸੀਅਸ ਤੱਕ ਗਿਰਾਵਟ ਆ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ।

IMD ਨੇ ਪਹਿਲਾਂ ਹੀ ਅਨੁਮਾਨ ਜਤਾਇਆ ਸੀ ਕਿ ਇਸ ਵਾਰ ਮਈ ਅਤੇ ਜੂਨ ਵਿੱਚ ਆਮ ਦਿਨਾਂ ਨਾਲੋਂ ਵੱਧ ਸਮੇਂ ਲਈ ਲੂ ਚੱਲੇਗੀ। ਆਮ ਤੌਰ ’ਤੇ 3 ਤੋਂ 7 ਦਿਨ ਲੂ ਚੱਲਦੀ ਹੈ, ਪਰ ਇਸ ਸਾਲ ਇਹ ਗਿਣਤੀ 5 ਤੋਂ 7 ਦਿਨ ਵੱਧ ਰਹਿਣ ਦੀ ਸੰਭਾਵਨਾ ਜਤਾਈ ਗਈ ਸੀ। ਹੁਣ 29 ਮਈ ਤੋਂ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਤਾਪਮਾਨ ਘਟਣ ਨਾਲ ਲੂ ਦਾ ਪ੍ਰਭਾਵ ਵੀ ਘਟੇਗਾ।

ਮੌਸਮ ਵਿਭਾਗ ਨੇ 30 ਮਈ ਲਈ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਵਿੱਚ ਗਰਜ-ਤੂਫ਼ਾਨ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਕਈ ਇਲਾਕਿਆਂ ਵਿੱਚ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਦੂਜੇ ਪਾਸੇ ਦੱਖਣ-ਪੱਛਮੀ ਮਾਨਸੂਨ ਵੀ ਹੌਲੀ-ਹੌਲੀ ਅੱਗੇ ਵੱਧ ਰਿਹਾ ਹੈ। ਹਾਲਾਂਕਿ ਮਾਨਸੂਨ 26 ਮਈ ਤੱਕ ਕੇਰਲ ਨਹੀਂ ਪਹੁੰਚ ਸਕਿਆ, ਪਰ ਇਹ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੇ ਹੋਰ ਹਿੱਸਿਆਂ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਆਮ ਤੌਰ ’ਤੇ 1 ਜੂਨ ਦੇ ਆਸਪਾਸ ਕੇਰਲ ਪਹੁੰਚਦਾ ਹੈ ਅਤੇ ਚਾਰ ਮਹੀਨੇ ਚੱਲਣ ਵਾਲੇ ਬਰਸਾਤੀ ਮੌਸਮ ਦੀ ਸ਼ੁਰੂਆਤ ਕਰਦਾ ਹੈ।

ਦਿੱਲੀ-ਐਨਸੀਆਰ ਵਿੱਚ 28 ਤੋਂ 31 ਮਈ ਤੱਕ ਬੱਦਲ ਛਾਏ ਰਹਿਣ ਅਤੇ 40 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਤਰਾਖੰਡ ਦੇ ਕਈ ਪਹਾੜੀ ਜ਼ਿਲ੍ਹਿਆਂ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ ਬਿਜਲੀ ਚਮਕਣ, ਗੜੇਮਾਰੀ ਅਤੇ ਤੇਜ਼ ਝੱਖੜ ਦੀ ਸੰਭਾਵਨਾ ਹੈ।

ਇਸੇ ਤਰ੍ਹਾਂ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਵਿੱਚ ਵੀ 28 ਤੋਂ 31 ਮਈ ਤੱਕ ਮੌਸਮ ਖ਼ਰਾਬ ਰਹਿ ਸਕਦਾ ਹੈ। ਪੰਜਾਬ ਵਿੱਚ ਤੇਜ਼ ਹਵਾਵਾਂ ਨਾਲ ਦਰਮਿਆਨਾ ਮੀਂਹ ਪੈਣ ਦੇ ਆਸਾਰ ਹਨ, ਜਦਕਿ ਪੱਛਮੀ ਉੱਤਰ ਪ੍ਰਦੇਸ਼ ਅਤੇ ਪੂਰਵਾਂਚਲ ਵਿੱਚ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਭਿਆਨਕ ਤੂਫ਼ਾਨ ਆ ਸਕਦਾ ਹੈ।

ਦੱਖਣੀ ਭਾਰਤ ਦੇ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਖੇਤਰਾਂ ਵਿੱਚ ਵੀ 28 ਅਤੇ 29 ਮਈ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਵੱਡੇ ਹਿੱਸੇ ਨੂੰ ਇਸ ਤਪਦੀ ਗਰਮੀ ਤੋਂ ਕਾਫ਼ੀ ਰਾਹਤ ਮਿਲ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments