ਡਾਊਨ ਸਿੰਡਰੋਮ ਵਰਗੀਆਂ ਜਨੈਟਿਕ ਬਿਮਾਰੀਆਂ ਦੇ ਇਲਾਜ ਵੱਲ ਵਿਗਿਆਨੀਆਂ ਨੇ ਇੱਕ ਨਵੀਂ ਉਮੀਦ ਜਗਾਈ ਹੈ। ਹਾਲੀਆ ਖੋਜਾਂ ਵਿੱਚ CRISPR ਤਕਨੀਕ ਦੀ ਮਦਦ ਨਾਲ ਸਰੀਰ ਵਿੱਚ ਮੌਜੂਦ ਵਾਧੂ ਕ੍ਰੋਮੋਸੋਮ 21 ਨੂੰ ਸਿੱਧਾ ਹਟਾਉਣ ਦੀ ਥਾਂ ਉਸਦੀ ਗਤੀਵਿਧੀ ਨੂੰ ਕਾਬੂ ਕਰਨ ‘ਤੇ ਧਿਆਨ ਦਿੱਤਾ ਗਿਆ ਹੈ। ਇਸ ਤਰੀਕੇ ਨਾਲ ਸੈੱਲਜ਼ ਦੇ ਅੰਦਰ ਜਿਨਾਂ ਦੀ ਅਸਮਾਨਤਾ ਨੂੰ ਘਟਾਇਆ ਜਾ ਸਕਦਾ ਹੈ, ਜਿਸ ਨਾਲ ਭਵਿੱਖ ਵਿੱਚ ਮਾਨਸਿਕ ਅਤੇ ਸਰੀਰਕ ਵਿਕਾਸ ‘ਤੇ ਪੈਣ ਵਾਲੇ ਨਕਾਰਾਤਮਕ ਪ੍ਰਭਾਵ ਘਟ ਸਕਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਤਰੀਕਾ ਪਹਿਲਾਂ ਨਾਲੋਂ ਕਾਫੀ ਪ੍ਰਭਾਵਸ਼ਾਲੀ ਹੈ ਅਤੇ ਇਹ ਪੂਰੇ ਕ੍ਰੋਮੋਸੋਮ ਪੱਧਰ ‘ਤੇ ਕੰਮ ਕਰਦਾ ਹੈ, ਨਾ ਕਿ ਸਿਰਫ਼ ਇਕੱਲੇ ਜਿਨਾਂ ‘ਤੇ। ਹਾਲਾਂਕਿ ਇਹ ਸਾਰੀ ਪ੍ਰਕਿਰਿਆ ਅਜੇ ਲੈਬ ਪੱਧਰ ਤੱਕ ਸੀਮਿਤ ਹੈ ਅਤੇ ਮਨੁੱਖੀ ਇਲਾਜ ਵਜੋਂ ਇਸਦੀ ਵਰਤੋਂ ਲਈ ਹੋਰ ਸੁਰੱਖਿਆ ਟੈਸਟ ਅਤੇ ਅਧਿਐਨ ਲੋੜੀਂਦੇ ਹਨ। ਇਸ ਦੇ ਬਾਵਜੂਦ, ਇਹ ਖੋਜ ਭਵਿੱਖ ਵਿੱਚ Down syndrome ਦੇ ਇਲਾਜ ਲਈ ਇੱਕ ਨਵੀਂ ਦਿਸ਼ਾ ਵੱਲ ਇਸ਼ਾਰਾ ਕਰਦੀ ਹੈ।






