ਪੰਜਾਬ: ਸੋਨਾ ਅਤੇ ਚਾਂਦੀ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਵੱਲੋਂ ਜਾਰੀ ਤਾਜ਼ਾ ਕੀਮਤਾਂ ਅਨੁਸਾਰ ਅੱਜ ਸੋਨੇ ਦੀਆਂ ਦਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ 24 ਕੈਰੇਟ ਸੋਨੇ ਦੀ ਕੀਮਤ 159,000 ਰੁਪਏ ਪ੍ਰਤੀ 10 ਗ੍ਰਾਮ ਰਹੀ, ਜਦਕਿ ਬੀਤੇ ਦਿਨ ਇਹ ਕੀਮਤ 164,000 ਰੁਪਏ ਸੀ। ਇਸੇ ਤਰ੍ਹਾਂ 22 ਕੈਰੇਟ ਸੋਨਾ ਵੀ ਸਸਤਾ ਹੋ ਕੇ 147,870 ਰੁਪਏ ’ਤੇ ਆ ਗਿਆ ਹੈ, ਜੋ ਕਿ ਬੀਤੇ ਦਿਨ 152,520 ਰੁਪਏ ਸੀ।
ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ ਵਿੱਚ ਹਾਲਾਂਕਿ ਵੱਡੀ ਕਮੀ ਨਹੀਂ ਆਈ, ਪਰ ਅੱਜ ਚਾਂਦੀ 264,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਵਪਾਰ ਕਰ ਰਹੀ ਹੈ। ਬਾਜ਼ਾਰਾਂ ਵਿੱਚ ਸੋਨੇ ਦੀ ਕੀਮਤ ਘਟਣ ਨਾਲ ਗਹਿਣੇ ਖਰੀਦਣ ਵਾਲਿਆਂ ਅਤੇ ਨਿਵੇਸ਼ਕਾਂ ਵਿੱਚ ਖਾਸੀ ਦਿਲਚਸਪੀ ਵੇਖੀ ਜਾ ਰਹੀ ਹੈ।
ਬਾਜ਼ਾਰ ਮਾਹਿਰਾਂ ਦੇ ਅਨੁਸਾਰ, ਸੋਨੇ ਦੀਆਂ ਕੀਮਤਾਂ ਵਿੱਚ ਆਈ ਇਸ ਗਿਰਾਵਟ ਦੇ ਪਿੱਛੇ ਕਈ ਮਜ਼ਬੂਤ ਕਾਰਨ ਹਨ। ਵਿਸ਼ਵ ਪੱਧਰ ’ਤੇ ਬਦਲ ਰਹੇ ਆਰਥਿਕ ਹਾਲਾਤ, ਅਮਰੀਕੀ ਆਰਥਿਕ ਨੀਤੀਆਂ ਅਤੇ ਡਾਲਰ ਦੀ ਮਜ਼ਬੂਤੀ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ’ਤੇ ਦਬਾਅ ਬਣਾਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਡਾਲਰ ਮਜ਼ਬੂਤ ਹੁੰਦਾ ਹੈ ਤਾਂ ਨਿਵੇਸ਼ਕ ਆਮ ਤੌਰ ’ਤੇ ਸੋਨੇ ਦੀ ਥਾਂ ਹੋਰ ਨਿਵੇਸ਼ ਵਿਕਲਪਾਂ ਵੱਲ ਰੁਝਾਨ ਦਿਖਾਉਂਦੇ ਹਨ, ਜਿਸ ਨਾਲ ਸੋਨੇ ਦੀ ਮੰਗ ਘਟਦੀ ਹੈ ਅਤੇ ਕੀਮਤਾਂ ਵਿੱਚ ਕਮੀ ਆਉਂਦੀ ਹੈ।
ਜਲਦਬਾਜ਼ੀ ਤੋਂ ਬਚਣ ਦੀ ਸਲਾਹ
ਇਸ ਸਥਿਤੀ ਨੂੰ ਦੇਖਦੇ ਹੋਏ ਮਾਹਿਰਾਂ ਨੇ ਖਰੀਦਦਾਰਾਂ ਨੂੰ ਜਲਦਬਾਜ਼ੀ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਵਾਰ ਵਿੱਚ ਵੱਡੀ ਖਰੀਦਦਾਰੀ ਕਰਨ ਦੀ ਬਜਾਏ, ਪੜਾਵਾਂ ਵਿੱਚ ਅਤੇ ਲੋੜ ਅਨੁਸਾਰ ਸੋਨਾ ਖਰੀਦਣਾ ਜ਼ਿਆਦਾ ਫਾਇਦੇਮੰਦ ਰਹੇਗਾ। ਇਸ ਤਰੀਕੇ ਨਾਲ ਕੀਮਤਾਂ ਦੇ ਉਤਰਾਅ-ਚੜ੍ਹਾਅ ਦਾ ਅਸਰ ਘਟਦਾ ਹੈ ਅਤੇ ਖਰੀਦਦਾਰ ਨੂੰ ਬਿਹਤਰ ਔਸਤ ਦਰ ’ਤੇ ਸੋਨਾ ਮਿਲ ਸਕਦਾ ਹੈ।
ਕੁੱਲ ਮਿਲਾ ਕੇ, ਮੌਜੂਦਾ ਗਿਰਾਵਟ ਨੇ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਇਕ ਵਧੀਆ ਮੌਕਾ ਪੈਦਾ ਕੀਤਾ ਹੈ, ਪਰ ਮਾਹਿਰਾਂ ਦੀ ਸਲਾਹ ਮੁਤਾਬਕ ਸੋਚ-ਸਮਝ ਕੇ ਨਿਵੇਸ਼ ਕਰਨਾ ਹੀ ਸਮਝਦਾਰੀ ਹੋਵੇਗੀ।







