Home Punjab ਰਿਸ਼ਵਤਖੋਰੀ ’ਤੇ ਵਿਜੀਲੈਂਸ ਦੀ ਵੱਡੀ ਕਾਰਵਾਈ

ਰਿਸ਼ਵਤਖੋਰੀ ’ਤੇ ਵਿਜੀਲੈਂਸ ਦੀ ਵੱਡੀ ਕਾਰਵਾਈ

0
42

ਪੰਜਾਬ: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਸਖ਼ਤ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਵਕਫ਼ ਬੋਰਡ ਦਫ਼ਤਰ ਦੇ ਕਿਰਾਇਆ ਕੁਲੈਕਟਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਕਿਰਾਇਆ ਕੁਲੈਕਟਰ ਮੁਹੰਮਦ ਯਾਸੀਨ ਅਤੇ ਠੇਕੇ ’ਤੇ ਕੰਮ ਕਰ ਰਹੇ ਚਪੜਾਸੀ ਮੁਹੰਮਦ ਤਲੀਮ ਨੂੰ ₹18,000 ਦੀ ਰਿਸ਼ਵਤ ਲੈਂਦੇ ਸਮੇਂ ਕਾਬੂ ਕੀਤਾ ਗਿਆ।

ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬਲਾਚੌਰ ਇਲਾਕੇ ਦੇ ਇੱਕ ਕਿਸਾਨ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀਆਂ ਗਈਆਂ ਹਨ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਨੇ 2018 ਤੋਂ 2021 ਤੱਕ ਤਹਿਸੀਲ ਬਲਾਚੌਰ ਦੇ ਪਿੰਡ ਭੱਦੀ ਵਿੱਚ ਸਥਿਤ ਪੰਜਾਬ ਵਕਫ਼ ਬੋਰਡ ਦੀ 10 ਕਨਾਲ ਜ਼ਮੀਨ ਲੀਜ਼ ’ਤੇ ਲਈ ਹੋਈ ਸੀ।

ਲੀਜ਼ ਦੀ ਮਿਆਦ 2021 ਵਿੱਚ ਪੂਰੀ ਹੋਣ ਤੋਂ ਬਾਅਦ, ਕਿਸਾਨ ਵੱਲੋਂ ਲੀਜ਼ ਨਵੀਨੀਕਰਨ ਲਈ ਗੜ੍ਹਸ਼ੰਕਰ ਸਥਿਤ ਪੰਜਾਬ ਵਕਫ਼ ਬੋਰਡ ਦਫ਼ਤਰ ਨਾਲ ਸੰਪਰਕ ਕੀਤਾ ਗਿਆ। ਇਸ ਦੌਰਾਨ ਕਿਰਾਇਆ ਕੁਲੈਕਟਰ ਮੁਹੰਮਦ ਯਾਸੀਨ ਨੇ ਲੀਜ਼ ਨਵੀਨੀਕਰਨ ਦੀ ਫਾਈਲ ਤਿਆਰ ਕਰਨ ਦੇ ਬਦਲੇ ₹50,000 ਦੀ ਰਿਸ਼ਵਤ ਦੀ ਮੰਗ ਕੀਤੀ।

ਸ਼ਿਕਾਇਤਕਰਤਾ ਵੱਲੋਂ ਰਿਸ਼ਵਤ ਦੇਣ ਵਿੱਚ ਅਸਮਰੱਥਾ ਜਤਾਉਣ ’ਤੇ ਮੁਹੰਮਦ ਯਾਸੀਨ ਨੇ ਮੰਗ ਘਟਾ ਕੇ ₹20,000 ਕਰ ਦਿੱਤੀ। ਦੋਸ਼ੀ ਨੇ ਮੌਕੇ ’ਤੇ ਹੀ ₹2,000 ਰੁਪਏ ਲੈ ਲਏ ਅਤੇ ਬਾਕੀ ₹18,000 ਬਾਅਦ ਵਿੱਚ ਦੇਣ ਲਈ ਕਿਹਾ। ਸ਼ਿਕਾਇਤਕਰਤਾ ਨੇ ਦੋਸ਼ੀ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਵੀ ਕਰ ਲਿਆ ਸੀ।

ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਜਾਲ ਵਿਛਾਇਆ। ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ₹18,000 ਦੀ ਰਿਸ਼ਵਤ ਲੈਂਦੇ ਸਮੇਂ ਮੁਹੰਮਦ ਯਾਸੀਨ ਅਤੇ ਮੁਹੰਮਦ ਤਲੀਮ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।

ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ, ਜਲੰਧਰ ਵਿਖੇ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਵਿਜੀਲੈਂਸ ਵੱਲੋਂ ਹੋਰ ਸੰਭਾਵਿਤ ਗਠਜੋੜਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here