ਖੰਨਾ, 16 ਨਵੰਬਰ :
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਜਤਿੰਦਰ ਪਾਠਕ ਅਤੇ ਹਰੀਸ਼ ਗੁਪਤਾ ਰਹੇ ਵਿਸ਼ੇਸ਼ ਮਹਿਮਾਨ
ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਬਿਹਤਰ ਮੰਚ ਪ੍ਰਦਾਨ ਕਰਨ ਵਿੱਚ ਸਕੂਲਾਂ ਦੀ ਅਹਿਮ ਭੂਮਿਕਾ : ਮੰਤਰੀ ਸੌਂਦ
ਵੇਦ ਮੰਦਰ ਮਾਡਲ ਹਾਈ ਸਕੂਲ ਵਿਖੇ ਸਾਲਾਨਾ ਸਮਾਗਮ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ ਅਤੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਗਾਇਤਰੀ ਮੰਤਰ ਦੇ ਪਵਿੱਤਰ ਉਚਾਰਨ ਨਾਲ ਹੋਈ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਪੇਸ਼ ਕਰਕੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਾਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ, ਸ਼ਾਨਦਾਰ ਨਾਚਾਂ, ਨਾਟਕਾਂ ਅਤੇ ਹੋਰ ਦਿਲਕਸ਼ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਚਿਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਅਤੇ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ।
ਇਸ ਮੌਕੇ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਪ੍ਰਾਪਤੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਕੂਲ ਪ੍ਰਬੰਧਕਾਂ ਵੱਲੋਂ ਵੱਖ-ਵੱਖ ਸੰਸਥਾਵਾਂ ਅਤੇ ਪਤਵੰਤੇ ਸੱਜਣਾਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅਜਿਹੇ ਸਮਾਗਮ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਦਿਖਾਉਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ।
ਇਸ ਮੌਕੇ ਮਦਨਲਾਲ ਸ਼ਾਹੀ, ਕਰੁਣ ਅਰੋੜਾ, ਰਾਜਕੁਮਾਰ ਮੈਨਰੋ, ਪਰਮਜੀਤ ਸੇਤੀਆ, ਮੀਨੂ ਬਾਂਸਲ, ਸ਼ਮਾ ਵਸ਼ਿਸ਼ਟ, ਨਿਕੂ ਸ਼ਰਮਾ, ਅਨੀਤਾ ਵਰਮਾ, ਰਜਨੀ ਵਰਮਾ, ਕੁਮਾਰੀ ਸੁਨੀਤਾ ਕਟਾਰੀਆ, ਵਿਪਿਨ ਵਰਮਾ, ਸਰੋਜ ਵਰਮਾ, ਅਵੀਨ ਗੁਪਤਾ, ਜਤਿੰਦਰ ਦੀਕਸ਼ਿਤ, ਰਾਜੇਸ਼ ਥੌਰ, ਡਾ. ਰਾਜਿੰਦਰ ਸਿੰਘ ਟੋਕੀ, ਰਾਕੇਸ਼ ਕੁਮਾਰ, ਹਰਮੇਸ਼ ਜੱਸਲ, ਸੁਦਰਸ਼ਨ ਰਤਨ, ਡਾ. ਕਮਲਜੀਤ ਸਿੰਘ, ਪ੍ਰੋਫੈਸਰ ਸੁਖਦੇਵ ਸਿੰਘ, ਰਮਾ ਉੱਚ ਗੁਪਤਾ, ਸ਼ਸ਼ੀ ਅਰੋੜਾ, ਸਕੂਲ ਪ੍ਰਧਾਨ ਰਾਜਿੰਦਰ ਅਰੋੜਾ, ਮੈਨੇਜਰ ਮੁਨੀਸ਼ ਬੱਤਾ, ਮੀਤ ਪ੍ਰਧਾਨ ਸ਼ਿਵਲਾਲ ਗੁਪਤਾ, ਸਲਾਹਕਾਰ ਸ਼ਾਮਸੁੰਦਰ, ਮੋਹਨਲਾਲ ਉੱਪਲ, ਪ੍ਰੀਤਪਾਲ ਗੁਜਰਾਲ, ਵਿਵੇਕ ਭਾਂਬਰੀ, ਅਨਿਲ ਸਭਰਵਾਲ, ਪ੍ਰਦੀਪ ਟੱਗੜ, ਵਿਜੇ ਗੁਪਤਾ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।
ਅੰਤ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਮਮਤਾ ਸ਼ਰਮਾ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਮਾਪਿਆਂ, ਪਤਵੰਤੇ ਸੱਜਣਾਂ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਨਿਰੰਤਰ ਯਤਨ ਕਰਨਾ ਸਕੂਲ ਪ੍ਰਬੰਧਨ ਦਾ ਮੁੱਖ ਉਦੇਸ਼ ਹੈ।



