HomePunjabLudhianaਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਛੇ ਸ਼ਹੀਦ ਸਾਥੀਆਂ ਬਾਰੇ ਸਚਿੱਤਰ ਕਿਤਾਬਚਾ...

ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਛੇ ਸ਼ਹੀਦ ਸਾਥੀਆਂ ਬਾਰੇ ਸਚਿੱਤਰ ਕਿਤਾਬਚਾ ਲੋਕ ਅਰਪਣ

ਲੁਧਿਆਣਾਃ 16 ਨਵੰਬਰ

ਸ਼ਹੀਦ ਸਾਨੂੰ ਪੁੱਛਦੇ ਹਨ ਕਿ ਕਿਸ ਲਈ ਸਨ ਅਸਾਂ ਜਾਨਾਂ ਵਾਰੀਆਂ?
 ਪ੍ਰੋ. ਗੁਰਭਜਨ ਸਿੰਘ ਗਿੱਲ

ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੇ ਮਹਾਨ ਅਤੇ ਸਭ ਤੋਂ ਛੋਟੀ ਉਮਰ ਦੇ ਇਨਕਲਾਬੀ ਸੂਰਮੇ  ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਨਾਲ ਅੱਜ ਦੇ ਦਿਨ ਹੀ ਸੈਂਟਰਲ ਜੇਲ੍ਹ ਲਾਹੌਰ ਵਿੱਚ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ  ਫਾਂਸੀ ਚੜ੍ਹੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਭਾਈ ਹਰਨਾਮ ਸਿੰਘ ਸਿਆਲਕੋਟੀ, ਭਾਈ ਜਗਤ ਸਿੰਘ ਸੁਰ ਸਿੰਘ, ਪਿੰਡ ਗਿੱਲਵਾਲੀ (ਅੰਮ੍ਰਿਤਸਰ) ਵਾਸੀ ਭਾਈ ਸੁਰੈਣ ਸਿੰਘ ਵੱਡਾ, ਭਾਈ ਸੁਰੈਣ ਸਿੰਘ ਛੋਟਾ ਤੇ ਭਾਈ ਬਖਸ਼ੀਸ਼ ਸਿੰਘ  ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਭਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਕੀਤੀ ਗਈ।
ਇਸ ਮੌਕੇ ਸੱਤ ਸ਼ਹੀਦਾਂ ਨੂੰ ਸਮਰਪਿਤ ਕਿਤਾਬਚਾ ਪ੍ਰੋ. ਗੁਰਭਜਨ ਸਿੰਘ ਗਿੱਲ, ਗੁਰਦਾਸਪੁਰ ਤੋਂ ਆਏ ਉੱਘੇ ਲੇਖਕ ਸ. ਮੱਖਣ ਸਿੰਘ ਕੋਹਾੜ, ਗੁਰਮੀਤ ਸਿੰਘ ਬਾਜਵਾ ਕਲਾਨੌਰ, ਪ੍ਰੋ. ਜੈਪਾਲ ਸਿੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਨਿਰਵਿਰੋਧ ਚੁਣੀ ਗਈ ਅਹੁਦੇਦਾਰ ਤੇ ਪੰਜਾਬੀ ਕਵਿੱਤਰੀ ਪ੍ਰੋ. ਸੁਰਿੰਦਰ ਜੈਪਾਲ ਵੱਲੋਂ ਲੋਕ ਅਰਪਨ ਕੀਤਾ ਗਿਆ। ਇਹ ਕਿਤਾਬਚਾ ਗੁਰੂ ਹਰਗੋਬਿੰਦ ਖ਼ਾਲਸਾ ਕਾਲਿਜ ਗੁਰੂਸਰ ਸਧਾਰ ਵਿੱਚ ਇਤਿਹਾਸ ਦੇ ਪ੍ਰੋਫੈਸਰ ਡਾ. ਬਲਜੀਤ ਸਿੰਘ ਵਿਰਕ ਨੇ ਲਿਖਿਆ ਹੈ।
ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇੱਕ ਸਦੀ ਤੋਂ ਵੱਧ ਸਮਾਂ ਪਹਿਲਾਂ ਸਾਡੀ  ਸਰਬਪੱਖੀ ਆਜ਼ਾਦੀ ਖਾਤਰ ਸ਼ਹੀਦ ਹੋਏ ਸੂਰਮੇ ਸਾਨੂੰ ਪੁੱਛਦੇ ਹਨ ਕਿ ਅਸਾਂ ਏਸ ਆਜ਼ਾਦੀ ਲਈ ਜਾਨਾਂ ਵਾਰੀਆਂ ਸਨ? ਸ਼ਾਇਦ ਨਹੀਂ। ਹਰ ਮਨੁੱਖ ਲਈ ਵਿਕਾਸ ਦੇ ਬਰਾਬਰ ਮੌਕੇ ਪੈਦਾ ਕਰਨਾ ਸਾਡਾ ਮਿਸ਼ਨ ਸੀ ਪਰ ਉਹ ਸੁਪਨੇ ਕਿੱਧਰ ਗਏ? ਵਰਤਮਾਨ  ਜਵਾਨੀ ਨੂੰ ਏਧਰ ਧਿਆਨ ਦੇਣ ਦੀ ਲੋੜ ਹੈ।
ਦਾਦਾ ਜੀ ਸ. ਬਦਨ ਸਿੰਘ ਗਰੇਵਾਲ ਨੇ ਆਪ ਨੂੰ ਏਅਰੋਨਾਟੀਕਲ ਇੰਜਨੀਰਿੰਗ ਤੇ ਕੈਮਿਸਟਰੀ ਦੀ ਉਚੇਰੀ ਸਿੱਖਿਆ ਲਈ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਵਿਖੇ ਪੜ੍ਹਨ ਭੇਜਿਆ ਪਰ ਏਥੇ ਪੜ੍ਹਦਿਆਂ  ਆਪ ਦਾ ਸਬੰਧ ਇਸ ਯੂਨੀਵਰਸਿਟੀ ਦੇ ਇਨਕਲਾਬੀ ਸੋਚ ਧਾਰਨੀ ਪ੍ਰੋਫੈਸਰ ਲਾਲਾ ਹਰਦਿਆਲ ਜੀ ਨਾਲ ਹੋ ਗਿਆ ਅਤੇ ਉਨ੍ਹਾਂ ਰਾਹੀਂ ਦੇਸ਼ ਭਗਤ ਸੂਰਬੀਰਾਂ ਬਾਬਾ ਜਵਾਲਾ ਸਿੰਘ,ਬਾਬਾ ਵਸਾਖਾ ਸਿੰਘ ਤੇ ਬਾਬਾ ਸੋਹਣ ਸਿੰਘ ਭਕਨਾ ਨਾਲ  ਸੰਪਰਕ ਹੋ ਗਿਆ।
ਇਹੀ ਸਾਥ ਗ਼ਦਰ ਲਹਿਰ ਦਾ ਆਧਾਰ ਬਣਿਆ। ਗ਼ਦਰ ਪਾਰਟੀ  ਦੇ ਉਹ ਸਭ ਤੋਂ ਛੋਟੀ ਉਮਰ ਦੇ ਮੈਂਬਰ ਸਨ। ਪ੍ਰੋ. ਗਿੱਲ ਨੇ ਕਿਹਾ ਕਿ  ਗਦਰ ਪਾਰਟੀ ਦੇ ਅਖਬਾਰ
‘ਗ਼ਦਰ’ ਅਖ਼ਬਾਰ ਦੀ ਛਪਾਈ, ਸੰਪਾਦਨ  ਤੇ ਲਗਪਗ 70 ਮੁਲਕਾਂ ਵਿੱਚ ਅਖ਼ਬਾਰ ਭੇਜਣ ਵਿੱਚ ਵੀ ਆਪ ਨੇ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਸਾਰੇ ਇਨਕਲਾਬੀਆਂ ਨੇ ਕਿਰਤ ਦੀ ਲੁੱਟ ਦੇ ਖਿਲਾਫ ਸੰਘਰਸ਼ ਕਰਨ ਦਾ ਫੈਸਲਾ ਕੀਤਾ। ਹਰ ਮਨੁੱਖ ਲਈ ਵਿਕਾਸ ਦੇ ਇੱਕੋ ਜਹੇ ਮੌਕੇ ਗਦਰ ਲਹਿਰ ਦਾ ਮੁੱਖ  ਮਨੋਰਥ ਸੀ। ਮਨੁੱਖ ਦੀ ਸਮਾਜਿਕ, ਰਾਜਨੀਤਕ ਤੇ  ਵਿਅਕਤੀਗਤ ਆਜ਼ਾਦੀ ਦਾ ਸੰਕਲਪ ਲੈ ਕੇ ਆਪ ਅੰਤਰ ਰਾਸ਼ਟਰੀ ਲਹਿਰਾਂ ਦੀ ਖੋਜ ਪੜਤਾਲ ਕਰਨ ਲੱਗ ਪਏ। ਬਦੇਸ਼ਾਂ ਵਿੱਚ ਰਹਿ ਕੇ ਦੇਸ਼ ਦੀ ਆਜ਼ਾਦੀ ਦੀ ਚਿੰਤਾ ਕਰਨ ਦੀ ਥਾਂ ਆਪ ਸਾਰਿਆਂ ਨੇ ਦੇਸ਼ ਪਰਤ ਕੇ ਸੰਘਰਸ਼ ਕਰਨ ਦਾ ਫੈਸਲਾ ਲਿਆ।
ਪ੍ਰੋ. ਜੈਪਾਲ ਸਿੰਘ ਨੇ ਕਿਹਾ ਕਿ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਬਰਾਬਰ ਮੌਕੇ ਮਿਲਦੇ ਤਾਂ ਸਮਾਜਿਕ ਅਫਰਾ ਤਫਰੀ ਵੀ ਘੱਟ ਹੋਣੀ ਸੀ। ਸਮਾਜਿਕ ਆਰਥਿਕ, ਰਾਜਨੀਤਕ ਤੇ ਵਿਅਕਤੀਗਤ ਵਿਕਾਸ ਲਈ ਗਦਰ ਪਾਰਟੀ ਦਾ ਬੁਨਿਆਦੀ ਅਹਿਦਨਾਮਾ ਅੱਜ ਵੀ ਓਨਾ ਹੀ ਸਾਰਥਕ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰ ਤੇ ਪ੍ਰਸਿੱਧ ਕਵੀ ਮੱਖਣ ਸਿੰਘ ਕੋਹਾੜ ਨੇ ਕਿਹਾ ਕਿ ਜੰਗੇ ਆਜ਼ਾਦੀ ਦੇ ਸੂਰਮਿਆਂ ਦੀ ਤ੍ਰੈ ਲੜੀ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ  ਆਪਸ ਵਿੱਚ ਜੁੜੇ ਹੋਏ ਹਨ।
ਗੁਰਮੀਤ ਸਿੰਘ ਬਾਜਵਾ ਅਤੇ ਪ੍ਰੋ. ਸੁਰਿੰਦਰ ਜੈਪਾਲ ਨੇ ਵੀ ਜੰਗੇ ਆਜ਼ਾਦੀ ਦੇ ਅੱਜ ਦੇ ਦਿਨ ਸ਼ਹੀਦ ਹੋਏ ਸੱਤ ਸੂਰਮਿਆਂ ਨੂੰ ਸ਼ਰਧਾਂਜਲੀ ਫੁੱਲ ਭੇਂਟ ਕੀਤੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments