HomePunjabMalerkotlaਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ, ਸਟੋਰੇਜ ਅਤੇ ਵਰਤੋਂ ਸਬੰਧੀ ਹੁਕਮ ਜਾਰੀ  

ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ, ਸਟੋਰੇਜ ਅਤੇ ਵਰਤੋਂ ਸਬੰਧੀ ਹੁਕਮ ਜਾਰੀ  

* ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ – ਜ਼ਿਲ੍ਹਾ ਮੈਜਿਸਟ੍ਰੇਟ

* ਜ਼ਿਲ੍ਹਾ ਮਾਲੇਰਕੋਟਲਾ ਵਿੱਚ ਸਿਰਫ਼ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਹੋਵੇਗੀ ਇਜਾਜ਼ਤ

ਮਾਲੇਰਕੋਟਲਾ : ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਐਸ. ਤਿੜਕੇ  ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ, ਸਟੋਰੇਜ ਅਤੇ ਵਰਤੋਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲਾ ਮੈਜਿਸਟ੍ਰੇਟ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲੇ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਜਿਲਾ ਮੈਜਿਸਟ੍ਰੇਟ ਦੀ ਪੂਰਵ- ਪ੍ਰਵਾਨਗੀ/ਲਾਇਸੰਸ ਲਏ ਤੋਂ ਬਿਨਾ ਪਟਾਕਿਆਂ ਨੂੰ ਮੈਨੋਫੈਕਚਰ ਕਰਨ, ਸਟੋਰ ਕਰਨ ਤੇ ਵੇਚਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਬੇਰੀਅਮ ਸਾਲਟਸ ਅਤੇ ਐਂਟੀਮਨੀ, ਲਿਥੀਅਮ, ਮਰਕਰੀ, ਆਰਸੈਨਿਕ, ਲੈੱਡ ਜਾਂ ਸਟ੍ਰੋਂਸ਼ੀਅਮ ਕ੍ਰੋਮੇਟ ਦੇ ਮਿਸ਼ਰਣ ਵਾਲੇ ਪਟਾਕਿਆਂ ਦੀ ਵਿਕਰੀ ‘ਤੇ ਵੀ ਪੂਰਨ ਪਾਬੰਦੀ ਹੋਵੇਗੀ। ਇਨ੍ਹਾਂ ਹੁਕਮਾਂ ਤਹਿਤ ਜ਼ਿਲ੍ਹੇ ਵਿੱਚ ਸਿਰਫ਼ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਹੋਵੇਗੀ, ਜਦਕਿ ਲੜੀਵਾਰ ਪਟਾਕਿਆਂ ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਅਤੇ ਵਰਤੋਂ ‘ਤੇ ਪੂਰਨ ਪਾਬੰਦੀ ਰਹੇਗੀ।

                    ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਪਟਾਕਿਆਂ ਕਾਰਨ ਹੋਣ ਵਾਲੇ ਹਵਾ ਅਤੇ ਆਵਾਜ਼ ਪ੍ਰਦੂਸ਼ਣ, ਸਿਹਤ ਸਬੰਧੀ ਸਮੱਸਿਆਵਾਂ ਅਤੇ ਸੰਭਾਵਿਤ ਹਾਦਸਿਆਂ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਪਟਾਕਿਆਂ ਦੀ ਵਿਕਰੀ ਸਿਰਫ਼ ਲਾਇਸੰਸਸ਼ੁਦਾ ਦੁਕਾਨਦਾਰਾਂ ਵੱਲੋਂ ਹੀ ਕੀਤੀ ਜਾ ਸਕੇਗੀ ਅਤੇ ਫਲਿੱਪਕਾਰਟ, ਐਮਾਜ਼ੋਨ ਆਦਿ ਈ-ਕਾਮਰਸ ਵੈੱਬਸਾਈਟਾਂ ਰਾਹੀਂ ਪਟਾਕਿਆਂ ਦੀ ਆਨਲਾਈਨ ਵਿਕਰੀ ‘ਤੇ ਵੀ ਪਾਬੰਦੀ ਹੋਵੇਗੀ।

                    ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਵਿਖੇ ਪੀ.ਡਬਲਿਊ.ਡੀ. ਦਫ਼ਤਰ ਦੇ ਸਾਹਮਣੇ ਡਿਫੈਂਸ ਲੈਂਡ ਦੀ ਖਾਲੀ ਜਗ੍ਹਾ ਤੇ ਦੀਵਾਲੀ ਵਾਲੇ ਦਿਨ ਤੱਕ ਪਟਾਕੇ ਵੇਚਣ ਦੀ ਇਜਾਜਤ ਹੋਵੇਗੀ। ਇਸੇ ਤਰਾਂ ਅਹਿਮਦਗੜ੍ਹ ਵਿਖੇ ਗਾਂਧੀ ਸਕੂਲ ਦੀ ਬੈਕ ਸਾਈਡ ਅਤੇ ਅਮਰਗੜ੍ਹ ਵਿਖੇ ਨਵੇਂ ਬੱਸ ਸਟੈਂਡ ‘ਤੇ ਪਟਾਕਿਆਂ ਦੀ ਵਿਕਰੀ ਕੀਤੀ ਜਾ ਸਕੇਗੀ। ਇਨ੍ਹਾਂ ਨਿਰਧਾਰਤ ਸਥਾਨਾਂ ਤੋਂ ਇਲਾਵਾ ਕਿਸੇ ਹੋਰ ਥਾਂ ‘ਤੇ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਹੋਵੇਗੀ।

                    ਇਨ੍ਹਾਂ ਹੁਕਮਾਂ ਅਨੁਸਾਰ ਦੀਵਾਲੀ ਮੌਕੇ 8 ਨਵੰਬਰ ਨੂੰ ਰਾਤ 8 ਵਜੇ ਤੋਂ 10 ਵਜੇ ਤੱਕ, ਗੁਰਪੁਰਬ ਮੌਕੇ 24 ਨਵੰਬਰ ਨੂੰ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ। ਇਸੇ ਤਰ੍ਹਾਂ ਕ੍ਰਿਸਮਸ ਮੌਕੇ 25-26 ਦਸੰਬਰ ਦੀ ਦਰਮਿਆਨੀ ਰਾਤ 11:55 ਵਜੇ ਤੋਂ ਸਵੇਰੇ 12:30 ਵਜੇ ਤੱਕ ਅਤੇ ਨਵੇਂ ਸਾਲ ਮੌਕੇ 31 ਦਸੰਬਰ ਤੋਂ 1 ਜਨਵਰੀ ਦੀ ਦਰਮਿਆਨੀ ਰਾਤ 11:55 ਵਜੇ ਤੋਂ ਸਵੇਰੇ 12:30 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਪਟਾਕੇ ਚਲਾਉਣ ‘ਤੇ ਪੂਰਨ ਪਾਬੰਦੀ ਹੋਵੇਗੀ।

                    ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਾਤਾਵਰਣ ਅਤੇ ਸਿਹਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਿਰਫ਼ ਨਿਰਧਾਰਤ ਸਮੇਂ ਦੌਰਾਨ ਹੀ ਗ੍ਰੀਨ ਪਟਾਕਿਆਂ ਦੀ ਵਰਤੋਂ ਕਰਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments