Friday, September 25, 2026
Home World News ਤਾਂਗਾਨੀਕਾ ਝੀਲ ਵਿੱਚ ਵੱਡਾ ਕਿਸ਼ਤੀ ਹਾਦਸਾ, 41 ਲੋਕਾਂ ਦੀ ਮੌਤ

ਤਾਂਗਾਨੀਕਾ ਝੀਲ ਵਿੱਚ ਵੱਡਾ ਕਿਸ਼ਤੀ ਹਾਦਸਾ, 41 ਲੋਕਾਂ ਦੀ ਮੌਤ

0
3

ਕਿਨਸ਼ਾਸਾ: ਅਫਰੀਕਾ ਦੀ ਤਾਂਗਾਨੀਕਾ ਝੀਲ ਵਿੱਚ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਇਸ ਕਿਸ਼ਤੀ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ, ਜਦਕਿ ਲਾਪਤਾ ਲੋਕਾਂ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।

ਤਾਂਗਾਨੀਕਾ ਸੂਬੇ ਦੇ ਟਰਾਂਸਪੋਰਟ ਮੰਤਰੀ ਨੌਰਿਸ ਮੁਲੋਂਗੋਈ ਮੁਤਾਬਕ ਕਿਸ਼ਤੀ ਵਿੱਚ ਕਰੀਬ 100 ਯਾਤਰੀ ਸਵਾਰ ਸਨ ਅਤੇ ਇਸ ’ਤੇ ਸਾਮਾਨ ਵੀ ਲੱਦਿਆ ਹੋਇਆ ਸੀ। ਹੁਣ ਤੱਕ 49 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ, ਜਦਕਿ 41 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਬਾਕੀ ਲਾਪਤਾ ਯਾਤਰੀਆਂ ਦੀ ਭਾਲ ਜਾਰੀ ਹੈ।

ਅਧਿਕਾਰੀਆਂ ਅਨੁਸਾਰ ਕਿਸ਼ਤੀ ਤਨਜ਼ਾਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਤਾਂਗਾਨੀਕਾ ਸੂਬੇ ਦੇ ਕਾਲਿਮੀ ਸ਼ਹਿਰ ਵੱਲ ਜਾ ਰਹੀ ਸੀ। ਮੈਪੇਰਾ ਪਿੰਡ ਨੇੜੇ ਪਹੁੰਚਣ ’ਤੇ ਕਿਸ਼ਤੀ ਅਚਾਨਕ ਝੀਲ ਵਿੱਚ ਪਲਟ ਗਈ। ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ।

ਫਿਲਹਾਲ ਕਿਸ਼ਤੀ ਪਲਟਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕਿਸ਼ਤੀ ਵਿੱਚ ਵੱਡੀ ਗਿਣਤੀ ਵਿੱਚ ਯਾਤਰੀਆਂ ਦੇ ਨਾਲ ਸਾਮਾਨ ਵੀ ਲੱਦਿਆ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਤਾਂਗਾਨੀਕਾ ਝੀਲ ਦੁਨੀਆ ਦੀਆਂ ਸਭ ਤੋਂ ਵੱਡੀਆਂ ਮਿੱਠੇ ਪਾਣੀ ਦੀਆਂ ਝੀਲਾਂ ਵਿੱਚੋਂ ਇੱਕ ਹੈ। ਡੂੰਘਾਈ ਦੇ ਮਾਮਲੇ ਵਿੱਚ ਇਹ ਰੂਸ ਦੀ ਬੈਕਾਲ ਝੀਲ ਤੋਂ ਬਾਅਦ ਦੁਨੀਆ ਦੀਆਂ ਸਭ ਤੋਂ ਡੂੰਘੀਆਂ ਝੀਲਾਂ ਵਿੱਚ ਸ਼ਾਮਲ ਹੈ।

LEAVE A REPLY

Please enter your comment!
Please enter your name here