Thursday, September 10, 2026
Home Punjab ਅੰਮ੍ਰਿਤਸਰ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼, 2 AK-47...

ਅੰਮ੍ਰਿਤਸਰ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼, 2 AK-47 ਸਮੇਤ 3 ਮੁਲਜ਼ਮ ਗ੍ਰਿਫ਼ਤਾਰ

0
5

ਚੰਡੀਗੜ੍ਹ/ਅੰਮ੍ਰਿਤਸਰ: ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ AK-47 ਰਾਈਫਲਾਂ, ਤਿੰਨ ਮੈਗਜ਼ੀਨਾਂ ਅਤੇ 50 ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਮੁਖ ਸਿੰਘ (27) ਵਾਸੀ ਪਿੰਡ ਚਾਟੀਵਿੰਡ, ਅੰਮ੍ਰਿਤਸਰ ਦਿਹਾਤੀ, ਪਾਰਸਦੀਪ ਸਿੰਘ (26) ਵਾਸੀ ਭਾਈ ਮੰਜ ਰੋਡ, ਅੰਮ੍ਰਿਤਸਰ ਅਤੇ ਗੁਰਜੰਟ ਸਿੰਘ (24) ਵਾਸੀ ਪਿੰਡ ਜੋੜ ਸਿੰਘ ਵਾਲਾ, ਤਰਨ ਤਾਰਨ ਵਜੋਂ ਹੋਈ ਹੈ।

ਵਿਦੇਸ਼ ਬੈਠੇ ਹਥਿਆਰ ਤਸਕਰ ਨਾਲ ਸੰਪਰਕ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਦੇਸ਼ ਬੈਠੇ ਇੱਕ ਹਥਿਆਰ ਤਸਕਰ ਦੇ ਸੰਪਰਕ ਵਿੱਚ ਸਨ। ਉਹ ਅਪਰਾਧਿਕ ਅਨਸਰਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਿੱਚ ਸ਼ਾਮਲ ਦੱਸੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵਿਅਕਤੀਆਂ ਦੀ ਪਛਾਣ ਕਰਨ, ਵਿਦੇਸ਼ੀ ਤਸਕਰੀ ਦੇ ਲਿੰਕਾਂ ਦੀ ਪੁਸ਼ਟੀ ਕਰਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਵੱਡੇ ਨੈੱਟਵਰਕ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

ਖੁਫੀਆ ਸੂਚਨਾ ’ਤੇ ਪੁਲਿਸ ਦੀ ਕਾਰਵਾਈ

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਗੁਰਮੁਖ ਸਿੰਘ ਅਤੇ ਪਾਰਸਦੀਪ ਸਿੰਘ ਨੂੰ ਦੋ AK-47 ਰਾਈਫਲਾਂ, ਤਿੰਨ ਮੈਗਜ਼ੀਨਾਂ ਅਤੇ 50 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ।

ਅਗਲੀ ਜਾਂਚ ਦੌਰਾਨ ਦੋਵੇਂ ਮੁਲਜ਼ਮਾਂ ਵੱਲੋਂ ਕੀਤੇ ਖੁਲਾਸੇ ਦੇ ਆਧਾਰ ’ਤੇ ਪੁਲਿਸ ਨੇ ਗੁਰਜੰਟ ਸਿੰਘ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਇਹ ਗੈਰ-ਕਾਨੂੰਨੀ ਹਥਿਆਰ ਗੁਰਜੰਟ ਸਿੰਘ ਰਾਹੀਂ ਹਾਸਲ ਕੀਤੇ ਗਏ ਸਨ।

ਮਾਮਲਾ ਦਰਜ, ਜਾਂਚ ਜਾਰੀ

ਇਸ ਸਬੰਧੀ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ 5 ਸਤੰਬਰ 2026 ਨੂੰ ਐੱਫਆਈਆਰ ਨੰਬਰ 205 ਦਰਜ ਕੀਤੀ ਗਈ ਹੈ। ਮਾਮਲਾ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 111 ਅਤੇ 113 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25(6,7,8) ਤਹਿਤ ਦਰਜ ਕੀਤਾ ਗਿਆ ਹੈ।

ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here