Tuesday, September 1, 2026
Home World News ਬਿਸ਼ਕੇਕ ’ਚ ਮੋਦੀ-ਪੁਤਿਨ ਦੀ ਮੁਲਾਕਾਤ, ਗਲੇ ਮਿਲ ਕੇ ਕੀਤਾ ਸਵਾਗਤ

ਬਿਸ਼ਕੇਕ ’ਚ ਮੋਦੀ-ਪੁਤਿਨ ਦੀ ਮੁਲਾਕਾਤ, ਗਲੇ ਮਿਲ ਕੇ ਕੀਤਾ ਸਵਾਗਤ

0
2

ਕਿਰਗਿਜ਼ਸਤਾਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਗਰਮਜੋਸ਼ੀ ਨਾਲ ਇੱਕ-ਦੂਜੇ ਦਾ ਸਵਾਗਤ ਕੀਤਾ ਅਤੇ ਗਲੇ ਮਿਲਣ ਤੋਂ ਬਾਅਦ ਦੁਵੱਲੀ ਬੈਠਕ ਕੀਤੀ।

ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਯੁੱਧਾਂ ਅਤੇ ਟਕਰਾਅ ਦਾ ਜ਼ਿਕਰ ਕਰਦਿਆਂ ਸ਼ਾਂਤੀ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਲਗਾਤਾਰ ਚੱਲ ਰਹੇ ਯੁੱਧਾਂ ਤੋਂ ਅੱਗੇ ਵਧਣ ਅਤੇ ਇਨ੍ਹਾਂ ਨੂੰ ਖਤਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਵੱਲ ਕੀਤੇ ਜਾਣ ਵਾਲੇ ਹਰ ਯਤਨ ਦਾ ਸਮਰਥਨ ਕਰਦਾ ਹੈ।

ਮੋਦੀ ਅਤੇ ਪੁਤਿਨ ਦੀ ਇਹ ਮੁਲਾਕਾਤ ਭਾਰਤ-ਰੂਸ ਸਬੰਧਾਂ ਦੇ ਨਜ਼ਰੀਏ ਨਾਲ ਮਹੱਤਵਪੂਰਨ ਮੰਨੀ ਜਾ ਰਹੀ ਹੈ। ਦੋਵੇਂ ਦੇਸ਼ ਲੰਬੇ ਸਮੇਂ ਤੋਂ ਰਣਨੀਤਕ ਅਤੇ ਕੂਟਨੀਤਕ ਸਹਿਯੋਗ ਨਾਲ ਜੁੜੇ ਹੋਏ ਹਨ। ਬੈਠਕ ਵਿੱਚ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਸਮੇਤ ਦੁਵੱਲੇ ਸਹਿਯੋਗ ’ਤੇ ਵੀ ਵਿਚਾਰ-ਵਟਾਂਦਰਾ ਹੋਇਆ।

ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਨੂੰ ਸਤੰਬਰ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਇਸ ਨੂੰ ਦੋਵਾਂ ਦੇਸ਼ਾਂ ਵਿਚਕਾਰ ਬਹੁਪੱਖੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

ਕਿਰਗਿਜ਼ਸਤਾਨ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹੋਰ ਦੇਸ਼ਾਂ ਦੇ ਆਗੂਆਂ ਨਾਲ ਵੀ ਮੁਲਾਕਾਤਾਂ ਕੀਤੀਆਂ। ਪੁਤਿਨ ਨਾਲ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਨੇ ਈਰਾਨ, ਕਿਰਗਿਜ਼ਸਤਾਨ ਅਤੇ ਅਰਮੇਨੀਆ ਦੇ ਆਗੂਆਂ ਨਾਲ ਦੁਵੱਲੀ ਗੱਲਬਾਤ ਕੀਤੀ।

ਇਨ੍ਹਾਂ ਬੈਠਕਾਂ ਵਿੱਚ ਦੁਵੱਲੇ ਸਬੰਧਾਂ, ਖੇਤਰੀ ਸਹਿਯੋਗ ਅਤੇ ਸਾਂਝੇ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਹੋਈ। ਮੋਦੀ ਦਾ ਇਹ ਦੌਰਾ ਭਾਰਤ ਦੀ ਸਰਗਰਮ ਅਤੇ ਬਹੁਪੱਖੀ ਕੂਟਨੀਤਕ ਪਹੁੰਚ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here