ਰਾਏਬਰੇਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਔਰਤਾਂ ਨੂੰ “ਮਨੁਸਮ੍ਰਿਤੀ ਦੇ ਬੰਧਨਾਂ” ਤੋਂ ਮੁਕਤ ਕਰਨ ਸਬੰਧੀ ਦਿੱਤੇ ਬਿਆਨ ’ਤੇ ਤਿੱਖਾ ਪਲਟਵਾਰ ਕੀਤਾ ਹੈ।
ਰਾਏਬਰੇਲੀ ਵਿੱਚ ਸੋਮਵਾਰ ਨੂੰ ਸੰਬੋਧਨ ਕਰਦਿਆਂ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਨੂੰ ਸਰਾਪ ਦੇਣਾ ਆਪਣਾ ਅਧਿਕਾਰ ਸਮਝਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਰਾਹੁਲ ਗਾਂਧੀ “ਸ਼ਹਿਰੀ ਨਕਸਲੀਆਂ” ਦੇ ਹੱਥੋਂ ਦੇਸ਼ ਨੂੰ ਤਬਾਹ ਕਰਨਾ ਚਾਹੁੰਦੇ ਹਨ। ਯੋਗੀ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਮਨੁਸਮ੍ਰਿਤੀ ਨੂੰ ਸਮਝਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਥਰਵਵੇਦ ਪੜ੍ਹਨਾ ਚਾਹੀਦਾ ਹੈ।
ਦਰਅਸਲ, ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪੁਣੇ ਵਿੱਚ ‘ਛਤਰਾਵਾਂ ਕੀ ਗੂੰਜ’ ਪ੍ਰੋਗਰਾਮ ਦੌਰਾਨ ਔਰਤਾਂ ਦੀ ਆਜ਼ਾਦੀ ਅਤੇ ਪਿਤਰਸੱਤਾ ਦੇ ਮੁੱਦੇ ’ਤੇ ਵਿਸਥਾਰ ਨਾਲ ਆਪਣੇ ਵਿਚਾਰ ਰੱਖੇ ਸਨ। ਉਨ੍ਹਾਂ ਕਿਹਾ ਸੀ ਕਿ ਔਰਤ ਦੀ ਪਛਾਣ ਉਸਦੇ ਪਿਤਾ, ਪਤੀ ਜਾਂ ਪੁੱਤਰ ਰਾਹੀਂ ਨਹੀਂ, ਸਗੋਂ ਉਸਦੀ ਆਪਣੀ ਪਛਾਣ ਰਾਹੀਂ ਹੋਣੀ ਚਾਹੀਦੀ ਹੈ।
ਰਾਹੁਲ ਗਾਂਧੀ ਨੇ ਮਨੁਸਮ੍ਰਿਤੀ ਦਾ ਹਵਾਲਾ ਦਿੰਦਿਆਂ ਉਸ ਸੋਚ ਦੀ ਆਲੋਚਨਾ ਕੀਤੀ ਸੀ, ਜਿਸ ਵਿੱਚ ਔਰਤਾਂ ਨੂੰ ਉਨ੍ਹਾਂ ਦੇ ਪਿਤਾ, ਪਤੀ ਜਾਂ ਬੱਚਿਆਂ ਦੀ ਜਾਇਦਾਦ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਔਰਤਾਂ ਦੀ ਆਜ਼ਾਦੀ ਅਤੇ ਬਰਾਬਰੀ ਦੀ ਵਕਾਲਤ ਕਰਦਿਆਂ ਪਿਤਰਸੱਤਾਤਮਕ ਸੋਚ ਨੂੰ ਬਦਲਣ ਦੀ ਲੋੜ ’ਤੇ ਜ਼ੋਰ ਦਿੱਤਾ ਸੀ।






