Friday, August 14, 2026
Home National 80 ਕਰੋੜ ਦੀ ਜਾਇਦਾਦ ਮੈਡੀਕਲ ਕਾਲਜ ਨੂੰ ਦਾਨ ਕਰਕੇ ਸੇਵਾਮੁਕਤ ਡਾਕਟਰ ਨੇ...

80 ਕਰੋੜ ਦੀ ਜਾਇਦਾਦ ਮੈਡੀਕਲ ਕਾਲਜ ਨੂੰ ਦਾਨ ਕਰਕੇ ਸੇਵਾਮੁਕਤ ਡਾਕਟਰ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ

ਸੇਵਾਮੁਕਤ ਡਾਕਟਰ ਨੇ 80 ਕਰੋੜ ਦੀ ਜਾਇਦਾਦ ਮੈਡੀਕਲ ਕਾਲਜ ਨੂੰ ਦਾਨ ਕੀਤੀ

0
6

ਹਮੀਰਪੁਰ: ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਹਮੀਰਪੁਰ ਤੋਂ ਇੱਕ ਬੇਹੱਦ ਪ੍ਰੇਰਣਾਦਾਇਕ ਮਾਮਲਾ ਸਾਹਮਣੇ ਆਇਆ ਹੈ। 77 ਸਾਲਾ ਸੇਵਾਮੁਕਤ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਕੰਵਰ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਲੋਕ ਭਲਾਈ ਦੇ ਲੇਖੇ ਲਾਉਂਦਿਆਂ 80 ਕਰੋੜ ਰੁਪਏ ਤੋਂ ਵੱਧ ਦੀ ਆਪਣੀ ਚੱਲ ਅਤੇ ਅਚੱਲ ਜਾਇਦਾਦ ਡਾ. ਰਾਧਾਕ੍ਰਿਸ਼ਨਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਹਮੀਰਪੁਰ ਨੂੰ ਦਾਨ ਕਰ ਦਿੱਤੀ ਹੈ।

ਡਾ. ਕੰਵਰ ਨੇ ਸਾਲ 2021 ਵਿੱਚ ਆਪਣੀ ਜਾਇਦਾਦ ਸਰਕਾਰ ਦੇ ਨਾਂ ਵਸੀਅਤ ਕਰ ਦਿੱਤੀ ਸੀ। ਇਸ ਤੋਂ ਬਾਅਦ ਗਿਫਟ ਡੀਡ ਰਾਹੀਂ ਜਾਇਦਾਦ ਤਬਦੀਲ ਕਰਨ ਦੀ ਕਾਨੂੰਨੀ ਪ੍ਰਕਿਰਿਆ ਵੀ ਪੂਰੀ ਕੀਤੀ ਗਈ। 5 ਅਗਸਤ ਨੂੰ ਜ਼ਮੀਨ ਦਾ ਇੰਤਕਾਲ ਵੀ ਮੈਡੀਕਲ ਕਾਲਜ ਦੇ ਨਾਂ ਦਰਜ ਹੋ ਗਿਆ।

ਡਾ. ਰਾਜਿੰਦਰ ਕੰਵਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ 33 ਸਾਲ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਈ। ਸੇਵਾਮੁਕਤੀ ਤੋਂ ਬਾਅਦ ਵੀ ਉਹ ਨਾਦੌਣ ਦੇ ਜੋਲ ਸੱਪੜ ਵਿਖੇ ਪ੍ਰੈਕਟਿਸ ਕਰ ਰਹੇ ਹਨ ਅਤੇ ਗਰੀਬ ਤੇ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਜਾਇਦਾਦ ਦਾਨ ਕਰਨ ਦਾ ਫ਼ੈਸਲਾ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਕੰਵਰ ਨੇ ਕਈ ਸਾਲ ਪਹਿਲਾਂ ਮਿਲ ਕੇ ਲਿਆ ਸੀ। ਦੋਵਾਂ ਦਾ ਕੋਈ ਬੱਚਾ ਨਹੀਂ ਹੈ, ਇਸ ਲਈ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਜ਼ਿੰਦਗੀ ਭਰ ਦੀ ਕਮਾਈ ਨੂੰ ਨਿੱਜੀ ਵਿਰਾਸਤ ਦੀ ਬਜਾਏ ਸਮਾਜ ਦੀ ਭਲਾਈ ਲਈ ਵਰਤਿਆ ਜਾਵੇ। ਕ੍ਰਿਸ਼ਨਾ ਕੰਵਰ ਨੇ ਵੀ ਸਿੱਖਿਆ ਵਿਭਾਗ ਵਿੱਚ 32 ਸਾਲ ਸੇਵਾ ਨਿਭਾਈ ਅਤੇ 2011 ਵਿੱਚ ਸਕੂਲ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ।

ਦਾਨ ਕੀਤੀ ਜਾਇਦਾਦ ਵਿੱਚ ਕਰੀਬ 2,112 ਵਰਗ ਮੀਟਰ ਜ਼ਮੀਨ ‘ਤੇ ਬਣਿਆ ਘਰ, ਕਰੋੜਾਂ ਰੁਪਏ ਦੇ ਗਹਿਣੇ ਅਤੇ ਹੋਰ ਚੱਲ ਜਾਇਦਾਦ ਸ਼ਾਮਲ ਹੈ। ਡਾ. ਕੰਵਰ ਨੇ ਸੁਝਾਅ ਦਿੱਤਾ ਹੈ ਕਿ ਇਸ ਘਰ ਨੂੰ “ਕ੍ਰਿਸ਼ਨਾ-ਰਾਜਿੰਦਰ ਬਿਰਧ ਆਸ਼ਰਮ” ਵਿੱਚ ਤਬਦੀਲ ਕੀਤਾ ਜਾਵੇ, ਤਾਂ ਜੋ ਬਜ਼ੁਰਗਾਂ ਦੀ ਸੇਵਾ ਕੀਤੀ ਜਾ ਸਕੇ।

ਇਸ ਤੋਂ ਇਲਾਵਾ ਡਾ. ਕੰਵਰ ਨੇ ਆਪਣੇ ਅੰਗ ਵੀ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿੰਦਗੀ ਦੀ ਕਮਾਈ ਦੀ ਸਭ ਤੋਂ ਸਾਰਥਕ ਵਰਤੋਂ ਉਸ ਵੇਲੇ ਹੁੰਦੀ ਹੈ, ਜਦੋਂ ਇਸ ਨਾਲ ਲੋੜਵੰਦਾਂ ਅਤੇ ਸੀਨੀਅਰ ਨਾਗਰਿਕਾਂ ਦੀ ਪੀੜ ਘਟਾਈ ਜਾ ਸਕੇ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਡਾ. ਰਾਜਿੰਦਰ ਕੰਵਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਕੁਰਬਾਨੀ, ਸਮਾਜ ਸੇਵਾ ਅਤੇ ਲੋਕ ਭਲਾਈ ਦੀ ਇੱਕ ਮਿਸਾਲੀ ਉਦਾਹਰਨ ਦੱਸਿਆ।

LEAVE A REPLY

Please enter your comment!
Please enter your name here