* ਬਾਲ ਸੁਰੱਖਿਆ ਵਿਭਾਗ ਨੇ ਭੀਖ ਮੰਗਦੇ ਬੱਚੇ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਿਆ
ਮਾਲੇਰਕੋਟਲਾ: ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਪ੍ਰੋਜੈਕਟ ‘ਜੀਵਨ ਜੋਤ 2.0’ ਅਧੀਨ ਬੱਚਿਆਂ ਨੂੰ ਭੀਖ ਮੰਗਣ ਵਰਗੀਆਂ ਸਥਿਤੀਆਂ ਤੋਂ ਬਚਾਉਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।
ਬਾਲ ਸੁਰੱਖਿਆ ਅਫ਼ਸਰ ਮੁਬੀਨ ਕੁਰੇਸ਼ੀ ਨੇ ਦੱਸਿਆ ਕਿ ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਭੀੜ-ਭਾੜ ਵਾਲੀਆਂ ਥਾਵਾਂ ਅਤੇ ਜਨਤਕ ਸਥਾਨਾਂ ਦਾ ਦੌਰਾ ਕਰਕੇ ਬਾਲ ਭੀਖ ਮੰਗਣ ਨਾਲ ਸੰਬੰਧਿਤ ਗਤੀਵਿਧੀਆਂ ਦੀ ਜਾਂਚ ਕੀਤੀ ਗਈ।
ਚੈਕਿੰਗ ਦੌਰਾਨ ਟੀਮ ਨੂੰ ਇੱਕ ਬੱਚਾ ਬਾਜ਼ਾਰ ਵਿੱਚ ਭੀਖ ਮੰਗਦਾ ਮਿਲਿਆ। ਟੀਮ ਨੇ ਬੱਚੇ ਨਾਲ ਸੰਵੇਦਨਸ਼ੀਲ ਢੰਗ ਨਾਲ ਗੱਲਬਾਤ ਕੀਤੀ ਅਤੇ ਉਸ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਬਾਲ ਭਲਾਈ ਕਮੇਟੀ ਨਾਲ ਗੱਲਬਾਤ ਕਰਵਾਈ। ਬੱਚੇ ਦੀ ਪਰਿਵਾਰਕ ਅਤੇ ਸਮਾਜਿਕ ਪਿੱਠਭੂਮੀ ਬਾਰੇ ਜਾਣਕਾਰੀ ਇਕੱਠੀ ਕਰਕੇ ਅਗਲੀ ਲੋੜੀਂਦੀ ਕਾਰਵਾਈ ਸ਼ੁਰੂ ਕੀਤੀ ਗਈ। ਟੀਮ ਦੇ ਯਤਨਾਂ ਸਦਕਾ ਬੱਚੇ ਦਾ ਪਹਿਲੀ ਵਾਰ ਸਕੂਲ ਵਿੱਚ ਦਾਖਲਾ ਕਰਵਾਇਆ ਗਿਆ, ਤਾਂ ਜੋ ਉਸ ਨੂੰ ਸਿੱਖਿਆ ਨਾਲ ਜੋੜ ਕੇ ਬਿਹਤਰ ਭਵਿੱਖ ਪ੍ਰਦਾਨ ਕੀਤਾ ਜਾ ਸਕੇ।
ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਨੂੰ ਭੀਖ ਦੇਣ ਦੀ ਬਜਾਏ ਅਜਿਹੇ ਮਾਮਲਿਆਂ ਦੀ ਜਾਣਕਾਰੀ ਤੁਰੰਤ ਸੰਬੰਧਿਤ ਵਿਭਾਗ ਨੂੰ ਦੇਣ, ਤਾਂ ਜੋ ਬੱਚਿਆਂ ਨੂੰ ਮੁੱਖ ਧਾਰਾ ਨਾਲ ਜੋੜ ਕੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਅਤੇ ਰੌਸ਼ਨ ਬਣਾਇਆ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਹਰਭਜਨ ਸਿੰਘ, ਤੇਜਵੀਰ ਸਿੰਘ, ਚਾਈਲਡ ਲਾਈਨ ਤੋਂ ਰਜਨੀ ਰਾਣੀ, ਆਊਟਰੀਚ ਵਰਕਰ ਸਰਬਜੀਤ ਕੌਰ, ਮੀਡੀਆ ਸਹਾਇਕ ਪਰਗਟ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।






