Home Punjab Malerkotla ਪੰਜਾਬ ਵਿਧਾਨ ਸਭਾ ‘ਚ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਪੰਜਾਬ ਦੇ ਨੌਜਵਾਨਾਂ...

ਪੰਜਾਬ ਵਿਧਾਨ ਸਭਾ ‘ਚ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਅਹਿਮ ਮੁੱਦੇ ਪੂਰੇ ਜ਼ੋਰ ਨਾਲ ਉਠਾਏ

0
1

       ਸਕੂਲਾਂ ਵਿੱਚ ਜੀਵਨ-ਜਾਚ, ਨਸ਼ਾ ਰੋਕਥਾਮ ਅਤੇ ਸਵੈ-ਰੁਜ਼ਗਾਰ ਆਧਾਰਿਤ ਸਿਲੇਬਸ ਲਾਗੂ ਕਰਨ ਅਤੇ ਠੋਸ ਨੀਤੀ ਬਣਾਉਣ ਦੀ ਕੀਤੀ ਵਕਾਲਤ

   ਅਮਰਗੜ੍ਹ/ਮਾਲੇਰਕੋਟਲਾ: ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਪੰਜਾਬ ਵਿਧਾਨ ਸਭਾ ਦੇ 16ਵੇਂ ਕਾਰਜਕਾਲ ਦੇ 13ਵੇਂ ਸਮਾਗਮ ਦੌਰਾਨ ਦੋ ਮਹੱਤਵਪੂਰਨ ਗੈਰ-ਸਰਕਾਰੀ ਮਤੇ ਪੇਸ਼ ਕਰਦਿਆਂ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਬੜੀ ਦ੍ਰਿੜਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਦਨ ਵਿੱਚ ਉਠਾਇਆ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਨੌਜਵਾਨਾਂ ਦੀ ਸੰਭਾਲ ਹੀ ਇੱਕ ਮਜ਼ਬੂਤ, ਖੁਸ਼ਹਾਲ ਅਤੇ ਆਤਮਨਿਰਭਰ ਪੰਜਾਬ ਦੀ ਨੀਂਹ ਹੈ।

ਮਤੇ ‘ਤੇ ਬੋਲਦਿਆਂ ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਕੂਲੀ ਸਿੱਖਿਆ ਨੂੰ ਸਿਰਫ਼ ਪਾਠ ਪੁਸਤਕਾਂ ਤੱਕ ਸੀਮਤ ਨਾ ਰੱਖ ਕੇ ਇਸ ਨੂੰ ਜੀਵਨ ਨਾਲ ਜੋੜਿਆ ਜਾਵੇ। ਉਨ੍ਹਾਂ ਰਾਜ ਸਰਕਾਰ ਨੂੰ ਸਿਫ਼ਾਰਸ਼ ਕੀਤੀ ਕਿ ਸਕੂਲਾਂ ਵਿੱਚ ਅਜਿਹਾ ਵਿਸ਼ੇਸ਼ ਅਤੇ ਵਿਹਾਰਕ ਸਿਲੇਬਸ ਤਿਆਰ ਕੀਤਾ ਜਾਵੇ, ਜਿਸ ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਅ, ਸਿਹਤਮੰਦ ਜੀਵਨ-ਸ਼ੈਲੀ, ਸਵੈ-ਰੁਜ਼ਗਾਰ,ਉਦਯੋਗਤਾ,ਆਰਥਿਕ ਸਾਖਰਤਾ,ਵਿਅਕਤੀਤਵ ਵਿਕਾਸ ਅਤੇ ਜੀਵਨ-ਜਾਚ ਵਰਗੇ ਵਿਸ਼ਿਆਂ ਬਾਰੇ ਸਿਖਲਾਈ ਦਿੱਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਵਾਲੇ ਯੁੱਗ ਵਿੱਚ ਡਿਗਰੀਆਂ ਦੇ ਨਾਲ-ਨਾਲ ਹੁਨਰ,ਆਤਮ-ਵਿਸ਼ਵਾਸ, ਫ਼ੈਸਲਾ ਲੈਣ ਦੀ ਸਮਰੱਥਾ ਅਤੇ ਨੈਤਿਕ ਕਦਰਾਂ-ਕੀਮਤਾਂ ਵੀ ਬਰਾਬਰ ਮਹੱਤਵ ਰੱਖਦੀਆਂ ਹਨ ਜੇਕਰ ਵਿਦਿਆਰਥੀਆਂ ਨੂੰ ਸਕੂਲੀ ਪੱਧਰ ਤੋਂ ਹੀ ਜੀਵਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਕੀਤਾ ਜਾਵੇ ਤਾਂ ਉਹ ਨਾ ਸਿਰਫ਼ ਆਪਣੇ ਲਈ, ਸਗੋਂ ਸਮਾਜ ਅਤੇ ਦੇਸ਼ ਲਈ ਵੀ ਕੀਮਤੀ ਯੋਗਦਾਨ ਪਾ ਸਕਦੇ ਹਨ।

ਪ੍ਰੋਫੈਸਰ ਗੱਜਣਮਾਜਰਾ ਨੇ ਇਹ ਵੀ ਸੁਝਾਅ ਦਿੱਤਾ ਕਿ ਸਕੂਲਾਂ ਵਿੱਚ ਸਮੇਂ-ਸਮੇਂ ‘ਤੇ ਪ੍ਰਸਿੱਧ ਵਿਦਵਾਨਾਂ,ਸਮਾਜ ਸੇਵਕਾਂ, ਸਫ਼ਲ ਉਦਯੋਗਪਤੀਆਂ,ਸਨਅਤਕਾਰਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਤਿਭਾਸ਼ਾਲੀ ਸ਼ਖ਼ਸੀਅਤਾਂ ਦੇ ਪ੍ਰੇਰਣਾਦਾਇਕ ਲੈਕਚਰ ਕਰਵਾਏ ਜਾਣ, ਤਾਂ ਜੋ ਵਿਦਿਆਰਥੀ ਉਨ੍ਹਾਂ ਦੇ ਤਜ਼ਰਬਿਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਹੀ ਦਿਸ਼ਾ ਅਤੇ ਆਤਮ-ਵਿਸ਼ਵਾਸ ਹਾਸਲ ਕਰ ਸਕਣ।

ਉਨ੍ਹਾਂ ਵਿਸ਼ੇਸ਼ ਤੌਰ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੁਹਿਰਦ ਯਤਨਾਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚੋਂ ਪਹਿਲੇ ਨੰਬਰ ਉੱਤੇ ਆਇਆ ਹੈ ਅਤੇ ਇੱਥੋਂ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੇ ਯੋਗ ਬਣਾਉਣ ਲਈ ਭਵਿੱਖੀ ਯੋਜਨਾਵਾਂ ਤਿਆਰ ਕੀਤੀਆਂ ਜਾਣ।

LEAVE A REPLY

Please enter your comment!
Please enter your name here